ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਬੰਧਨ ’ਚ ਬੱਝੇ

ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਬੰਧਨ ’ਚ ਬੱਝੇ

ਕੇਜਰੀਵਾਲ ਨੇ ਪਿਤਾ ਤੇ ਚੱਢਾ ਨੇ ਭਰਾ ਦੀਆਂ ਰਸਮਾਂ ਨਿਭਾਈਆਂ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਅੱਜ ਵਿਆਹ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਆਨੰਦ ਕਾਰਜ ਇਥੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਰੱਖੇ ਸਾਦਾ ਸਮਾਗਮ ਦੌਰਾਨ ਹੋਏ। ਵਿਆਹ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਪਿਤਾ ਜਦਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਛੋਟੇ ਭਰਾ ਵਜੋਂ ਰਸਮਾਂ ਨਿਭਾਈਆਂ। ਇਸ ਤੋਂ ਇਲਾਵਾ ਦਿੱਲੀ ਤੋਂ ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਸਣੇ ਸੀਮਤ ਗਿਣਤੀ ਵਿੱਚ ਮਹਿਮਾਨਾਂ ਨੇ ਵਿਆਹ ਸਮਾਗਮ ਵਿੱਚ ਹਿੱਸਾ ਲਿਆ।
ਸ੍ਰੀ ਮਾਨ ਨੇ ਆਪਣਾ ਦੂਜਾ ਵਿਆਹ ਮੁੱਖ ਮੰਤਰੀ ਰਿਹਾਇਸ਼ ’ਤੇ ਬਹੁਤ ਹੀ ਸਾਦੇ ਢੰਗ ਤੇ ਸਿੱਖ ਰੀਤੀ ਰਿਵਾਜਾਂ ਨਾਲ ਕੀਤਾ। ਰਾਘਵ ਚੱਢਾ ਵਿਆਹ ਸਮਾਗਮ ਦੀਆਂ ਤਿਆਰੀਆਂ ਲਈ ਅਗਾਊਂ ਸੀਐੱਮ ਨਿਵਾਸ ਪੁੱਜ ਗਏ ਸਨ। ਵਿਆਹ ਲਈ ਭਗਵੰਤ ਮਾਨ ਨੇ ਸਿਰ ’ਤੇ ਪੀਲੇ ਰੰਗ ਦੀ ਦਸਤਾਰ ਸਜਾਈ ਤੇ ਸਿਲਕ ਦਾ ਕੁੜਤਾ ਪਜ਼ਾਮਾ ਤੇ ਜੈਕਟ ਪਾਈ ਹੋਈ ਸੀ। ਡਾ. ਗੁਰਪ੍ਰੀਤ ਕੌਰ ਨੇ ਲਾਲ ਰੰਗ ਦਾ ਲਹਿੰਗਾ ਪਾਇਆ। ਪਹਿਲਾਂ ਆਨੰਦ ਕਾਰਜ ਦੀ ਰਸਮ ਸੈਕਟਰ 8 ਸਥਿਤ ਗੁਰਦੁਆਰੇ ਵਿੱਚ ਰੱਖੀ ਗਈ ਸੀ, ਪਰ ਆਖਰੀ ਸਮੇਂ ’ਤੇ ਸ੍ਰੀ ਪਾਲਕੀ ਸਾਹਿਬ ਦੀ ਬੀੜ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲਿਆਂਦੀ ਗਈ। ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਵੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੁੱਖ ਮੰਤਰੀ ਦੇ ਆਨੰਦ ਕਾਰਜ ਕਰਵਾਏ। ਮੁੱਖ ਮੰਤਰੀ ਨੇ ਸੀਮਤ ਮਹਿਮਾਨਾਂ ਦੀ ਹਾਜ਼ਰੀ ਵਿੱਚ ਵਿਆਹ ਕਰਵਾਇਆ। ਸਮਾਗਮ ਵਿੱਚ ਭਗਵੰਤ ਮਾਨ ਦੀ ਮਾਤਾ ਤੇ ਭੈਣ ਦੇ ਪਰਿਵਾਰ ਤੋਂ ਇਲਾਵਾ ਹੋਰ ਕੋਈ ਦੋਸਤ-ਮਿੱਤਰ ਦਿਖਾਈ ਨਹੀਂ ਦਿੱਤਾ।
ਇਸ ਮੌਕੇ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਣੇ ਪਹੁੰਚੇ। ਰਾਘਵ ਚੱਢਾ ਆਪਣੀ ਮਾਤਾ ਨਾਲ ਤੇ ਸੰਜੈ ਸਿੰਘ ਆਪਣੀ ਪਤਨੀ ਨਾਲ ਪਹੁੰਚੇ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਨਵੇਂ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਤੇ ਕੁਝ ਚੋਣਵੇਂ ਵਿਅਕਤੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ ਤੇ ਹੋਰ ਕਈ ਆਗੂ ਹਵਾਈ ਅੱਡੇ ’ਤੇ ਸ੍ਰੀ ਕੇਜਰੀਵਾਲ ਦਾ ਸਵਾਗਤ ਕਰਨ ਲਈ ਪਹੁੰਚੇ, ਪਰ ਉਹ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਨਹੀਂ ਆਏ। ਉਧਰ ਡਾ. ਗੁਰਪ੍ਰੀਤ ਕੌਰ ਵੱਲੋਂ ਵੀ ਉਸ ਦੇ ਮਾਪੇ, ਦੋਵੇਂ ਭੈਣਾਂ ਤੇ ਕਰੀਬੀ ਰਿਸ਼ਤੇਦਾਰ ਹੀ ਪਹੁੰਚੇ ਸਨ। ਮੁੱਖ ਮੰਤਰੀ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ, ਪਰ ਆਪਸੀ ਮਤਭੇਦਾਂ ਦੇ ਚਲਦਿਆਂ 2015 ਵਿੱਚ ਤਲਾਕ ਹੋ ਗਿਆ। ਉਸ ਤੋਂ ਬਾਅਦ ਇੰਦਰਪ੍ਰੀਤ ਕੌਰ ਅਮਰੀਕਾ ਚਲੀ ਗਈ। ਭਗਵੰਤ ਮਾਨ ਦੇ ਆਪਣੀ ਪਹਿਲੀ ਪਤਨੀ ਤੋਂ ਦੋ ਬੱਚੇ ਪੁੱਤਰ ਦਿਲਸ਼ਾਨ ਤੇ ਪੁੱਤਰੀ ਸੀਰਤ ਹਨ, ਜੋ ਅਮਰੀਕਾ ਵਿੱਚ ਰਹਿੰਦੇ ਹਨ। ਦੋਵੇਂ ਬੀਤੀ 16 ਮਾਰਚ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਸਨ ਤੇ 19 ਮਾਰਚ ਨੂੰ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਨਜ਼ਰ ਆਏ ਸਨ।

ਕਦੇ ਮਜ਼ਾਕੀਆ ਅਤੇ ਕਦੇ ਭਾਵੁਕ ਨਜ਼ਰ ਆਏ ਭਗਵੰਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮਜ਼ਾਕੀਆ ਸੁਭਾਅ ਕਰਕੇ ਜਾਣੇ ਜਾਂਦੇ ਹਨ। ਅੱਜ ਆਪਣੇ ਵਿਆਹ ਸਮਾਗਮ ਦੌਰਾਨ ਉਹ ਕਦੇ ਮਜ਼ਾਕੀਆ ਲਹਿਜੇ ਅਤੇ ਕਦੇ ਭਾਵੁਕ ਨਜ਼ਰ ਆਏ। ਜਦੋਂ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਵਿਆਹ ਵਿੱਚ ਰਿੱਬਨ ਕਟਾਈ ਦੀ ਰਸਮ ਵੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਈ, ਜਿੱਥੇ ਮੁੱਖ ਮੰਤਰੀ ਨੇ ਦੋਵਾਂ ਸਾਲੀਆਂ ਨੂੰ ਤੋਹਫ਼ੇ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨਾਲ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਹੋਰ ਕਈ ਸਾਥੀ ਨਜ਼ਰ ਆਏ।

ਸਾਦੇ ਵਿਆਹ ’ਚ ਪਕੇ ਸ਼ਾਹੀ ਪਕਵਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਆਹ ਭਾਵੇਂ ਬੇਹੱਦ ਸਾਦੇ ਢੰਗ ਨਾਲ ਕਰਵਾਇਆ, ਪਰ ਵਿਆਹ ਵਿੱਚ ਮਹਿਮਾਨਾਂ ਲਈ ਸ਼ਾਹੀ ਪਕਵਾਨਾਂ ਦਾ ਪ੍ਰਬੰਧ ਕੀਤਾ। ਮੁੱਖ ਮੰਤਰੀ ਦੇ ਵਿਆਹ ਵਿੱਚ 9 ਕਿਸਮ ਦੀਆਂ ਸਬਜ਼ੀਆਂ ਬਣੀਆਂ, ਜਿਸ ਵਿੱਚ ਕੜ੍ਹਾਹੀ ਪਨੀਰ, ਮਸ਼ਰੂਮ ਸਿਰਕਾ ਪਿਆਜ਼, ਕੋਫਤਾ, ਕਲੌਂਜੀ ਵਾਲੇ ਆਲੂ, ਮਿਕਸ ਵੈਜੀਟੇਬਲ, ਚਨਾ ਮਸਾਲਾ, ਪਾਲਕ ਚਾਂਪ, ਮੌਸਮੀ ਸਬਜ਼ੀਆਂ ਅਤੇ ਦਾਲ ਮੱਖਣੀ ਸ਼ਾਮਲ ਹਨ। ਇਸੇ ਤਰ੍ਹਾਂ 6 ਕਿਸਮ ਦਾ ਸਲਾਦ, ਜੀਰਾ ਪਿਆਜ਼ ਪੁਲਾਓ, ਨਵਰਤਨ ਬਿਰਿਆਨੀ, ਬੁਰਾਨੀ ਰਾਇਤਾ ਅਤੇ ਹੋਰ ਵੱਖ-ਵੱਖ ਕਿਸਮ ਦੇ ਪਕਵਾਨ ਪਰੋਸੇ ਗਏ। ਇਸ ਤੋਂ ਇਲਾਵਾ ਮਿੱਠੇ ਵਿੱਚ 8 ਕਿਸਮ ਦੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ, ਜਿਸ ਵਿੱਚ ਆਈਸ ਕ੍ਰੀਮ, ਫਰੈਸ਼ ਫਰੂਟੀ ਟਰੀਫਲ, ਮੂੰਗ ਦਾਲ ਦਾ ਹਲਵਾ, ਸ਼ਾਹੀ ਟੁਕੜਾ, ਅੰਗੂਰੀ ਰਸਮਲਾਈ, ਮਾਹ ਦੀ ਜਲੇਬੀ, ਡਰਾਈ ਫਰੂਟ ਰਬੜੀ ਅਤੇ ਗੁਲਾਬ ਜਾਮੁਨ ਸ਼ਾਮਲ ਹਨ।