ਭਗਵਦ ਗੀਤਾ ਪਾਠ ਸਮਾਗਮ: ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸ਼ਬਦੀ ਜੰਗ

ਭਗਵਦ ਗੀਤਾ ਪਾਠ ਸਮਾਗਮ: ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸ਼ਬਦੀ ਜੰਗ

ਭਗਵਾ ਪਾਰਟੀ ਵੱਲੋਂ ਹਿੰਦੂ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ; ਟੀਐੱਮਸੀ ਨੇ ਭਾਜਪਾ ’ਤੇ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ

ਕੋਲਕਾਤਾ- ਇੱਥੇ ਬ੍ਰਿਗੇਡ ਪਰੇਡ ਮੈਦਾਨ ਵਿੱਚ ਕਰਵਾਏ ਗਏ ਭਗਵਦ ਗੀਤਾ ਦੇ ਪਾਠ ਦੌਰਾਨ ਭਾਜਪਾ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਵਿਚਾਲੇ ਸਿਆਸੀ ਵਿਵਾਦ ਹੋਰ ਵਧ ਗਿਆ ਹੈ। ਇਸ ਦੌਰਾਨ ਜਿੱਥੇ ਭਗਵਾ ਪਾਰਟੀ ਨੇ ਹਿੰਦੂ ਏਕਤਾ ਦੀ ਅਪੀਲ ਕੀਤੀ, ਉਥੇ ਹੀ ਟੀਐੱਮਸੀ ਨੇ ਭਾਜਪਾ ’ਤੇ ਇਸ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ। ਇਸ ਦੌਰਾਨ ਰਵਾਇਤੀ ਪਹਿਰਾਵੇ ਵਿੱਚ ਸਜੇ ਵੱਖ-ਵੱਖ ਪਿਛੋਕੜ ਵਾਲੇ ਲਗਪਗ ਇੱਕ ਲੱਖ ਲੋਕਾਂ ਨੇ ਸੰਤਾਂ ਨਾਲ ਮਿਲ ਕੇ ਸਮੂਹਿਕ ਤੌਰ ’ਤੇ ਭਗਵਦ ਗੀਤਾ ਦਾ ਪਾਠ ਕੀਤਾ। ਸਮਾਗਮ ਵਿੱਚ ਭਾਜਪਾ ਦੀ ਬੰਗਾਲ ਇਕਾਈ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਪ੍ਰੋਗਰਾਮ ਲਈ ਲਗਪਗ 1,20,000 ਲੋਕਾਂ ਨੇ ਰਜਿਸਟਰ ਕੀਤਾ ਸੀ।

ਗੈਰ-ਸਿਆਸੀ ਹੋਣ ਦੇ ਦਾਅਵਿਆਂ ਦੇ ਬਾਵਜੂਦ ਸਮਾਗਮ ਨੇ ਸੂਬੇ ਵਿੱਚ ਸੱਤਾਧਾਰੀ ਟੀਐੱਮਸੀ ਅਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਸ਼ਬਦੀ ਜੰਗ ਛੇੜ ਦਿੱਤੀ। ਭਾਜਪਾ ਦੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ, ‘‘ਭਗਵਦ ਗੀਤਾ ਦੁਨੀਆ ਨੂੰ ਦਿੱਤਾ ਗਿਆ ਭਾਰਤ ਦਾ ਸਭ ਤੋਂ ਵੱਡਾ ਤੋਹਫਾ ਹੈ। ਜਿਹੜੇ ਲੋਕ ਇਸ ਪ੍ਰੋਗਰਾਮ ਦਾ ਮਜ਼ਾਕ ਉਡਾ ਰਹੇ ਹਨ, ਉਨ੍ਹਾਂ ਨੂੰ ਹਿੰਦੂ ਧਰਮ ਅਤੇ ਇਸ ਦੀਆਂ ਰਵਾਇਤਾਂ ਦਾ ਕੋਈ ਸਤਿਕਾਰ ਨਹੀਂ ਹੈ। ਜਿਹੜੇ ਲੋਕ ਹਿੰਦੂਆਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਆਪਣੀ ਕੋਸ਼ਿਸ਼ਾਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਇਸ ਸਮਾਗਮ ਤੋਂ ਬਾਅਦ ਸੂਬੇ ਦਾ ਹਿੰਦੂ ਭਾਈਚਾਰਾ ਫੁੱਟ ਪਾਉਣ ਵਾਲੀਆਂ ਤਾਕਤਾਂ ਖ਼ਿਲਾਫ਼ ਇਕਜੁੱਟ ਹੋਵੇਗਾ।’’ ਉਨ੍ਹਾਂ ਕਿਹਾ ਕਿ ਇਸ ਇਕੱਠ ਦਾ ਉਦੇਸ਼ ਸਿਰਫ਼ ਭਗਵਦ ਗੀਤਾ ਦਾ ਪਾਠ ਕਰਨਾ ਹੀ ਨਹੀਂ ਸਗੋਂ ਹਿੰਦੂਆਂ ਨੂੰ ਇਕਜੁੱਟ ਕਰਨਾ ਵੀ ਸੀ।

ਇਸ ਦੇ ਜਵਾਬ ਵਿੱਚ ਟੀਐੱਮਸੀ ਆਗੂਆਂ ਨੇ ਭਾਜਪਾ ’ਤੇ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ। ਟੀਐੱਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ, ‘‘ਸਾਨੂੰ ਇਸ ਸਮਾਗਮ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਭਾਜਪਾ ਆਗੂਆਂ ਨੂੰ ਇਸ ਨੂੰ ਆਪਣੇ ਸਿਆਸੀ ਉਦੇਸ਼ਾਂ ਲਈ ਵਰਤਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਜਪਾ ਨੂੰ ਸਿਆਸਤ ਅਤੇ ਧਰਮ ਨੂੰ ਮਿਲਾਉਣ ਦੀ ਆਦਤ ਹੈ।’’ ਉੱਤਰੀ ਬੰਗਾਲ ਦੇ ਵਿਕਾਸ ਮੰਤਰੀ ਅਤੇ ਟੀਐੱਮਸੀ ਆਗੂ ਉਦਯਨ ਗੁਹਾ ਨੇ ਕਿਹਾ ਕਿ ਭਾਜਪਾ ਇਹ ਸਮਾਗਮ ਕਰਵਾਉਣ ਦੀ ਜਗ੍ਹਾ ਫੁਟਬਾਲ ਮੈਚ ਕਰਵਾ ਸਕਦੀ ਸੀ।

ਇਸ ਦੌਰਾਨ ਕਾਂਗਰਸ ਵੱਲੋਂ ਬ੍ਰਿਗੇਡ ਪਰੇਡ ਗਰਾਊਂਡ ਨੇੜੇ ‘ਸੰਵਿਧਾਨ ਪੜ੍ਹੋ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇੱਕ ਕਾਂਗਰਸੀ ਆਗੂ ਨੇ ਕਿਹਾ, ‘‘ਵੰਡੇ ਹੋਏ ਸਮਾਜ ਦੀ ਸਿਰਜਣਾ ਕਰਨ ਦੀ ਜਗ੍ਹਾ ਸਾਨੂੰ ਸੰਵਿਧਾਨ ਵਿੱਚ ਦਰਸਾਏ ਗਏ ਧਰਮ ਨਿਰਪੱਖ ਸਮਾਜ ਦੇ ਨਿਰਮਾਣ ਲਈ ਕੰਮ ਕਰਨਾ ਚਾਹੀਦਾ ਹੈ।’’

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਗੀਤਾ ਪਾਠ’ ਸਮਾਗਮ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ ਅਤੇ ਭਰੋਸਾ ਜਤਾਇਆ ਸੀ ਕਿ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਵੱਲੋਂ ਭਗਵਦ ਗੀਤਾ ਦਾ ਪਾਠ ਕਰਨ ਨਾਲ ਨਾ ਸਿਰਫ਼ ਸਮਾਜਿਕ ਸਦਭਾਵਨਾ ਵਧੇਗੀ ਸਗੋਂ ਦੇਸ਼ ਦੀ ਵਿਕਾਸ ਯਾਤਰਾ ’ਚ ਊਰਜਾ ਦਾ ਸੰਚਾਰ ਵੀ ਹੋਵੇਗਾ।