ਭਗਤੂਪੁਰਾ ਜ਼ਮੀਨ ਘਪਲਾ: ਪੰਚਾਇਤ ਮੰਤਰੀ ਨੇ ਗੇਂਦ ਮੁੱਖ ਮੰਤਰੀ ਦੇ ਪਾਲੇ ’ਚ ਸੁੱਟੀ

ਮੇਰਾ ਕੰਮ ਜਾਂਚ ਕਰਵਾਉਣ ਤੱਕ ਸੀ: ਧਾਲੀਵਾਲ; ਪੰਚਾਇਤਾਂ ਦੀ 26 ਹਜ਼ਾਰ ਏਕੜ ਜ਼ਮੀਨ ਦੀ ਸ਼ਨਾਖ਼ਤ ਹੋਈ
ਚੰਡੀਗੜ੍ਹ-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ‘ਭਗਤੂਪੁਰਾ ਜ਼ਮੀਨ ਘੁਟਾਲੇ’ ਦੇ ਮਾਮਲੇ ਵਿੱਚ ਗੇਂਦ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਕੁਝ ਅਰਸਾ ਪਹਿਲਾਂ ਪੰਚਾਇਤ ਮੰਤਰੀ ਨੇ ਇਸ ਜ਼ਮੀਨ ਘੁਟਾਲੇ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਸੀ। ਸਭਨਾਂ ਨੂੰ ਉਮੀਦ ਸੀ ਕਿ ਰਿਪੋਰਟ ’ਤੇ ਜ਼ਰੂਰ ਕਾਰਵਾਈ ਹੋਵੇਗੀ। ਮੁੱਖ ਮੰਤਰੀ ਦਫ਼ਤਰ ਵੱਲੋਂ ਅਜੇ ਤੱਕ ਇਸ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਹੋਈ ਹੈ।

ਪੰਚਾਇਤ ਮੰਤਰੀ ਨੂੰ ਅੱਜ ਪ੍ਰੈੱਸ ਕਾਨਫ਼ਰੰਸ ਵਿਚ ਜਦੋਂ ਪੁੱਛਿਆ ਕਿ ‘ਜਾਂਚ ਰਿਪੋਰਟ ਵਿੱਚ ਸ਼ੱਕ ਦੇ ਘੇਰੇ ਵਿਚ ਆਏ ਅਫ਼ਸਰਾਂ ਨੂੰ ਸਰਕਾਰ ਨੇ ਉੱਚ ਅਹੁਦਿਆਂ ’ਤੇ ਬਿਠਾ ਦਿੱਤਾ ਹੈ’, ਤਾਂ ਇਸ ਦੇ ਜੁਆਬ ਵਿਚ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਜਾਂਚ ਕਰਾਉਣ ਤੱਕ ਸੀਮਤ ਸੀ ਅਤੇ ਉਨ੍ਹਾਂ ਜਾਂਚ ਕਰਵਾ ਕੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਜਾਂਚ ਰਿਪੋਰਟ ’ਤੇ ਕੋਈ ਕਾਰਵਾਈ ਕਰਨ ਦਾ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਹੈ। ਚੇਤੇ ਰਹੇ ਕਿ ਧਾਲੀਵਾਲ ਨੇ ਖ਼ੁਦ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਨੂੰ 28 ਕਰੋੜ ਦਾ ਜ਼ਮੀਨ ਘੁਟਾਲਾ ਦੱਸਿਆ ਸੀ। ਜਾਂਚ ਰਿਪੋਰਟ ਵਿਚ ਇਸ ਘੁਟਾਲੇ ਵਿਚ ਸਾਬਕਾ ਮੰਤਰੀ ਤੋਂ ਇਲਾਵਾ ਦੋ ਆਈਏਐੱਸ ਅਫ਼ਸਰਾਂ ਦੀ ਭੂਮਿਕਾ ’ਤੇ ਵੀ ਉਂਗਲ ਉੱਠੀ ਹੈ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਧਾਲੀਵਾਲ ਨੇ ਅੱਜ ਅਹਿਮ ਪ੍ਰਾਪਤੀਆਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ 86 ਬਲਾਕਾਂ ਦੇ ਸ਼ਾਮਲਾਤ ਜ਼ਮੀਨ ਸਬੰਧੀ ਮੌਜੂਦਾ ਮਾਲ ਵਿਭਾਗ ਦੇ ਰਿਕਾਰਡ ਨੂੰ ਘੋਖਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਪੜਤਾਲ ਦੌਰਾਨ ਵਿਭਾਗ ਨੇ 26300 ਏਕੜ ਵਾਹੀਯੋਗ ਪੰਚਾਇਤੀ ਜ਼ਮੀਨ ਦੀ ਸ਼ਨਾਖ਼ਤ ਕੀਤੀ ਗਈ ਹੈ, ਜੋ ਪੰਚਾਇਤਾਂ ਦੇ ਕੋਲ ਨਹੀਂ ਸੀ, ਜਿਸ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਲਗਭਗ 9200 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬਾਕੀ ਰਹਿੰਦੇ ਬਲਾਕਾਂ ਵਿੱਚ ਸ਼ਾਮਲਾਤ ਜ਼ਮੀਨ ਦੀ ਸ਼ਨਾਖ਼ਤ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਅਜਿਹੀਆਂ ਸਾਰੀਆਂ ਜ਼ਮੀਨਾਂ ਦੇ ਕਬਜ਼ੇ ਲੈਣ ਦਾ ਟੀਚਾ ਦਸੰਬਰ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ।

ਸ਼ਿਕਾਇਤਾਂ ਲਈ ਵਟਸਐਪ ਨੰਬਰ ਜਾਰੀ

ਸ੍ਰੀ ਧਾਲੀਵਾਲ ਨੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਇੱਕ ਵਟਸਐਪ ਨੰਬਰ ਜਾਰੀ ਕਰਦਿਆਂ ਪੰਜਾਬ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸ਼ਾਮਲਾਤ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਸ਼ਿਕਾਇਤ ਜਾਂ ਸੂਚਨਾ ਵਟਸਐਪ ਨੰਬਰ 9115116262 ’ਤੇ ਦੇਣ ਤਾਂ ਜੋ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਹੋਰ ਵੀ ਸੁਧਾਰ ਕੀਤਾ ਜਾ ਸਕੇ।