ਬੱਚਿਆਂ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਕਿਵੇਂ ਬਚਾਈਏ ?

ਬੱਚਿਆਂ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਕਿਵੇਂ ਬਚਾਈਏ ?

ਡਾ. ਗੁਰਿੰਦਰ ਕੌਰ

25 ਅਕਤੂਬਰ 2022 ਨੂੰ ਯੂਨੀਸੈੱਫ ਨੇ ‘ਦਿ ਕੋਲਡੈਸਟ ਈਅਰ ਆਫ਼ ਦਿ ਰੈਸਟ ਆਫ ਦਿਅਰ ਲਾਈਵਜ਼: ਪਰੋਟੈਕਟਿੰਗ ਚਿਲਡਰਨ ਫਰੌਮ ਐਸਕਲੇਟਿੰਗ ਇੰਪੈਕਸ ਆਫ ਹੀਟਵੇਵਜ਼’ ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਧਰਤੀ ਦੇ ਔਸਤ ਤਾਪਮਾਨ ਵਿਚ ਹੋ ਰਹੇ ਵਾਧੇ ਨਾਲ 2050 ਤੱਕ ਦੁਨੀਆ ਦਾ ਹਰ ਬੱਚਾ ਹਰ ਸਾਲ ਗਰਮੀ (ਹੀਟਵੇਵ) ਦੀ ਮਾਰ ਤੋਂ ਪ੍ਰਭਾਵਿਤ ਹੋਵੇਗਾ। 2020 ਵਿਚ 559 ਮਿਲੀਅਨ ਬੱਚੇ ਸਾਲ ਵਿਚ ਚਾਰ ਤੋਂ ਪੰਜ ਹੀਟਵੇਵਜ਼ ਦੀ ਮਾਰ ਸਹਿ ਰਹੇ ਸਨ। 2050 ਤੱਕ ਇਨ੍ਹਾਂ ਬੱਚਿਆਂ ਦੀ ਗਿਣਤੀ ਚਾਰ ਗੁਣਾ ਵਧ ਕੇ 2 ਬਿਲੀਅਨ ਹੋ ਸਕਦੀ ਹੈ ਭਾਵੇਂ ਤਾਪਮਾਨ ਵਿਚ ਵਾਧਾ 1.7 ਡਿਗਰੀ ਸੈਲਸੀਅਸ ਦਾ ਹੀ ਹੋਵੇ। ਯੂਨੀਸੈੱਫ ਦੀ ਇਹ ਰਿਪੋਰਟ ਤਿਆਰ ਕਰਨ ਵਾਲੇ ਖੋਜ ਕਰਤਾਵਾਂ ਨੇ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਦਾ ਬੱਚਿਆਂ ਉੱਤੇ ਅਸਰ ਦੇਖਣ ਲਈ ਤਾਪਮਾਨ ਦੇ ਵਾਧੇ ਦੀਆਂ ਦੋ ਸੀਮਾਵਾਂ- ਘੱਟ ਤੋਂ ਘੱਟ ਵਾਧੇ ਦੀ ਸੀਮਾ 1.7 ਡਿਗਰੀ ਅਤੇ ਵੱਧ ਤੋਂ ਵੱਧ ਵਾਧੇ ਦੀ ਸੀਮਾ 2.4 ਡਿਗਰੀ ਸੈਲਸੀਅਸ ਲਈਆਂ ਹਨ। ਇਨ੍ਹਾਂ ਦੋਹਾਂ ਤਰ੍ਹਾਂ ਦੇ ਵਾਧੇ ਨਾਲ ਆਉਣ ਵਾਲੀਆਂ ਹੀਟਵੇਵਜ਼ ਦੀ ਹਰ ਸਾਲ ਆਮਦ ਦੇ ਦਿਨਾਂ ਦੀ ਗਿਣਤੀ, ਉਨ੍ਹਾਂ ਦੇ ਟਿਕੇ ਰਹਿਣ ਦੀ ਮਿਆਦ ਅਤੇ ਗਹਿਰਾਈ ਦੀ ਮਾਰ ਦਾ ਬੱਚਿਆਂ ਉੱਤੇ ਪੈਣ ਪ੍ਰਭਾਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ।

ਰਿਪੋਰਟ ਅਨੁਸਾਰ 2020 ਵਿਚ ਅਫਰੀਕਾ ਦੇ 10 ਫ਼ੀਸਦ ਬੱਚੇ ਉੱਚੇ ਤਾਪਮਾਨ ਦੇ ਪ੍ਰਭਾਵ ਥੱਲੇ ਹੀਟਵੇਵਜ਼ ਦੀ ਮਾਰ ਵਾਰ ਵਾਰ ਝੱਲ ਰਹੇ ਸਨ ਪਰ 2050 ਵਿਚ ਇਨ੍ਹਾਂ ਦੀ ਗਿਣਤੀ ਦੋਵੇਂ ਤਰ੍ਹਾਂ ਦੀਆਂ ਤਾਪਮਾਨ ਦੇ ਵਾਧੇ ਦੀਆਂ ਸੀਮਾਵਾਂ ਦੇ ਅੰਤਰਗਤ 100 ਫ਼ੀਸਦ ਹੋ ਜਾਵੇਗੀ। ਏਸ਼ੀਆ ਦੇ 402 ਮਿਲੀਅਨ ਬੱਚੇ ਜਾਂ ਤਿੰਨਾਂ ਵਿਚੋਂ ਇਕ ਬੱਚਾ 2020 ਵਿਚ ਚਾਰ ਤੋਂ ਪੰਜ ਦਿਨਾਂ ਵਾਲੀਆਂ ਹੀਟਵੇਵਜ਼ ਦੀ ਮਾਰ ਸਹਿ ਰਿਹਾ ਸੀ। 2050 ਵਿਚ ਇਨ੍ਹਾਂ ਬੱਚਿਆਂ ਦੀ ਗਿਣਤੀ ਵਧ ਕੇ 816 ਮਿਲੀਅਨ (5 ਵਿਚੋਂ 2 ਬੱਚੇ) ਹੋ ਸਕਦੀ ਹੈ। 2020 ਵਿਚ 23 ਦੇਸ਼ਾਂ ਦੇ ਬੱਚਿਆਂ ਉੱਤੇ ਹੀਟਵੇਵਜ਼ ਦਾ ਜ਼ਿਆਦਾ ਪ੍ਰਭਾਵ ਪੈ ਰਿਹਾ ਸੀ। 2050 ਵਿਚ ਤਾਪਮਾਨ ਵਿਚ 1.7 ਡਿਗਰੀ ਸੈਲਸੀਅਸ ਦੇ ਵਾਧੇ ਨਾਲ 33 ਦੇਸ਼ਾਂ ਦੇ ਅਤੇ 2.4 ਡਿਗਰੀ ਸੈਲਸੀਅਸ ਦੇ ਵਾਧੇ ਨਾਲ 36 ਦੇਸ਼ਾਂ ਦੇ ਬੱਚੇ ਬੁਰੀ ਤਰ੍ਹਾਂ ਹੀਟਵੇਵਜ਼ ਦੇ ਪ੍ਰਭਾਵ ਥੱਲੇ ਆ ਜਾਣਗੇ। 2050 ਵਿਚ ਅਫ਼ਰੀਕਾ, ਏਸ਼ੀਆ ਅਤੇ ਯੂਰੋਪ ਦੇ ਬੱਚੇ ਉੱਚ ਤਾਪਮਾਨ ਦੇ ਵਾਧੇ ਦੇ ਪ੍ਰਭਾਵ ਥੱਲੇ ਆਉਣ ਵਾਲੀਆਂ ਬਾਕੀ ਥਾਵਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕਾ ਵਿਚ 2020 ਵਿਚ ਜ਼ਿਆਦਾ ਤਾਪਮਾਨ ਵਾਲੀਆਂ ਹੀਟਵੇਵਜ਼ ਨਾਲ ਸਿਰਫ਼ 5 ਫ਼ੀਸਦ ਬੱਚੇ (13 ਮਿਲੀਅਨ) ਪ੍ਰਭਾਵਿਤ ਹੁੰਦੇ ਸਨ ਪਰ 2050 ਵਿਚ ਇਨ੍ਹਾਂ ਬੱਚਿਆਂ ਦੀ ਗਿਣਤੀ 65 ਮਿਲੀਅਨ ਹੋ ਸਕਦੀ ਹੈ। ਯੂਨੀਸੈੱਫ ਦੇ ਇਸ ਅਧਿਐਨ ਅਨੁਸਾਰ ਹੀ 2020 ਤੱਕ ਦੁਨੀਆ ਦੇ 58 ਫ਼ੀਸਦ ਕਿਸੇ ਤਰ੍ਹਾਂ ਦੀਆਂ ਹੀਟਵੇਵਜ਼ ਦੇ ਪ੍ਰਭਾਵ ਥੱਲੇ ਨਹੀਂ ਆਏ ਸਨ ਪਰ 2050 ਤੱਕ ਸਿਰਫ਼ 2 ਫ਼ੀਸਦ ਬੱਚੇ ਅਜਿਹੇ ਰਹਿ ਜਾਣਗੇ ਜੋ ਹੀਟਵੇਵਜ਼ ਪ੍ਰਭਾਵ ਤੋਂ ਬਚੇ ਰਹਿ ਸਕਦੇ ਹਨ।

ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਕਾਰਨ 2022 ਵਿਚ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਗਰਮੀ ਦੇ ਰਿਕਾਰਡ ਟੁੱਟ ਗਏ ਹਨ। ਪਿਛਲੇ ਸੱਤ ਸਾਲ ਹੁਣ ਤੱਕ ਸਭ ਤੋਂ ਗਰਮ ਸਾਲ ਰਹੇ। ਇਸ ਸਾਲ (2022) ਵਿਚ ਦੋਵੇਂ ਧਰੁਵਾਂ- ਆਰਕਟਿਕ ਅਤੇ ਅਨਟਾਰਕਟਿਕ ਉੱਤੇ ਮਾਰਚ ਦੇ ਮਹੀਨੇ ਵਿਚ ਔਸਤ ਤਾਪਮਾਨ ਵਿਚ ਕ੍ਰਮਵਾਰ 30 ਅਤੇ 40 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਵਿਚ ਮਾਰਚ ਦੇ ਮਹੀਨੇ ਵਿਚ ਔਸਤ ਤਾਪਮਾਨ ਵਿਚ ਵਾਧੇ ਦਾ 122 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਪਾਕਿਸਤਾਨ ਵਿਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਯੂਰੋਪ ਦੇ ਬਹੁਤ ਸਾਰੇ ਖੇਤਰਾਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਇਸ ਸਾਲ ਗਰਮੀਆਂ ਦੀ ਰੁੱਤ ਬਸੰਤ ਰੁੱਤ ਨੂੰ ਲਾਂਭੇ ਕਰਦੀ ਹੋਈ ਸਮੇਂ ਤੋਂ ਪਹਿਲਾਂ ਆ ਗਈ। ਗਰਮੀਆਂ ਦੀ ਅਗੇਤੀ ਆਮਦ ਨਾਲ ਹੀਟਵੇਵਜ਼ ਵੀ ਸਮੇਂ ਤੋਂ ਪਹਿਲਾਂ ਅਤੇ ਜ਼ਿਆਦਾ ਮਿਆਦ ਵਾਲੀਆਂ ਆਈਆਂ। ਹੀਟਵੇਵਜ਼ ਦੀ ਮਾਰ ਦੀ ਗਹਿਰਾਈ ਇੰਨੀ ਜ਼ਿਆਦਾ ਸੀ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਸੋਕੇ ਦੇ ਹਾਲਤ ਪੈਦਾ ਹੋ ਗਏ। ਚੀਨ, ਅਮਰੀਕਾ ਅਤੇ ਯੂਰੋਪ ਅਤੇ ਅਫਰੀਕਾ ਦੇ ਕਈ ਦੇਸ਼ ਸੋਕੇ ਦੀ ਮਾਰ ਦੀ ਲਪੇਟ ਵਿਚ ਆ ਗਏ। ਯੂਰੋਪ ਪਿਛਲੇ 500 ਸਾਲਾਂ ਵਿਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਮਰੀਕਾ ਦਾ ਪੱਛਮੀ ਖੇਤਰ ਪਿਛਲੇ ਦੋ ਦਹਾਕਿਆਂ ਵਿਚ 1200 ਸਾਲਾਂ ਦੇ ਅਰਸੇ ਵਿਚ ਸਭ ਤੋਂ ਖ਼ਤਰਨਾਕ ਸੋਕਾ ਹੰਢਾਅ ਰਿਹਾ ਹੈ। ਅਫਰੀਕਾ ਦੇ ਸੋਮਾਲੀਆ, ਕੀਨੀਆ, ਅਤੇ ਇਥੋਪੀਆ ਵਰਗੇ ਦੇਸ਼ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਭਿਆਨਕ ਸੋਕੇ ਦੀ ਲਪੇਟ ਵਿਚ ਆਏ ਹਨ। ਇਸ ਸਾਲ ਰਿਕਾਰਡ ਤੋੜ ਗਰਮੀ ਪੈਣ ਕਾਰਨ ਚੀਨ ਅਤੇ ਯੂਰੋਪ ਦੇ ਕਈ ਦੇਸ਼ਾਂ ਦੀਆਂ ਨਦੀਆਂ ਸੁੱਕਣ ਕਿਨਾਰੇ ਪਹੁੰਚ ਗਈਆਂ ਸਨ। 2022 ਵਿਚ ਰਿਕਾਰਡ ਤੋੜ ਗਰਮੀ, ਹੀਟਵੇਵਜ਼ ਦੀ ਆਮਦ, ਸੋਕੇ, ਜੰਗਲੀ ਅੱਗਾਂ ਅਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਨੇ ਵੱਖ ਵੱਖ ਦੇਸ਼ਾਂ ਵਿਚ ਤਬਾਹੀ ਮਚਾਈ ਹੈ। ਇੰਨੀਆਂ ਸਾਰੀਆਂ ਕੁਦਰਤੀ ਆਫ਼ਤਾਂ ਦੇ ਆਉਣ ਦਾ ਮੁੱਖ ਕਾਰਨ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਹੈ। ਉਦਯੋਗਿਕ ਇਨਕਲਾਬ ਤੋਂ ਪਹਿਲਾਂ ਦੇ ਸਮੇਂ ਨਾਲੋਂ ਧਰਤੀ ਦੇ ਔਸਤ ਤਾਪਮਾਨ ਵਿਚ 1.1 ਡਿਗਰੀ ਸੈਲਸੀਅਸ ਦਾ ਵਾਧਾ ਹੋ ਚੁੱਕਿਆ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਜੇਕਰ 1.1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਇੰਨੀ ਤਬਾਹੀ ਮੱਚੀ ਹੋਈ ਤਾਂ ਤਾਪਮਾਨ ਵਿਚ ਹੋਰ ਵਾਧੇ ਨਾਲ ਕੀ ਹੋਵੇਗਾ।

ਇਹ ਕੁਦਰਤੀ ਆਫ਼ਤਾਂ ਬੱਚਿਆਂ ਦੀ ਸਿਹਤ ’ਤੇ ਬਾਲਗਾਂ ਨਾਲੋਂ ਜ਼ਿਆਦਾ ਬੁਰਾ ਅਸਰ ਪਾਉਂਦੀਆਂ ਹਨ। ਬੱਚਿਆਂ ਦੇ ਸਰੀਰ ਬਾਲਗਾਂ ਨਾਲੋਂ ਤਾਪਮਾਨ ਦੇ ਵਾਧੇ ਨਾਲ ਸੰਤੁਲਨ ਬਣਾਉਣ ਲਈ ਘੱਟ ਸਮਰੱਥ ਹੁੰਦੇ ਹਨ। ਬੱਚਿਆਂ ਨੂੰ ਜਿੰਨੀਆਂ ਜ਼ਿਆਦਾ ਗਰਮੀ ਦੀਆਂ ਲਹਿਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਓਨੀਆਂ ਹੀ ਜ਼ਿਆਦਾ ਸਿਹਤ ਸਮੱਸਿਆਵਾਂ ਆ ਰਹੀਆਂ ਹਨ।

ਮੌਸਮੀ ਤਬਦੀਲੀਆਂ ਕਾਰਨ ਬੱਚਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਹੈ। ਤਾਪਮਾਨ ਦੇ ਵਾਧੇ ਨਾਲ ਆ ਰਹੀਆਂ ਕੁਦਰਤੀ ਆਫ਼ਤਾਂ ਦਾ 88 ਫ਼ੀਸਦ ਬੋਝ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਪੈਂਦਾ ਹੈ। ਗਰਮੀ ਨਾਲ ਸਬੰਧਿਤ ਮੌਤ ਦਰ 1 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਵਿਚ 1-44 ਦੇ ਉਮਰ ਦੇ ਵਿਅਕਤੀਆਂ ਨਾਲੋਂ ਚਾਰ ਗੁਣਾ ਵੱਧ ਹੁੰਦੀ ਹੈ। ਬੱਚਿਆਂ ਦੇ ਇਮਿਊਨ ਸਿਸਟਮ ਅਤੇ ਅੰਗ ਵਿਕਸਤ ਹੋ ਰਹੇ ਹੁੰਦੇ ਹਨ ਪਰ ਵੱਡੀ ਉਮਰ ਦੇ ਵਿਅਕਤੀਆਂ ਦੇ ਇਮਿਊਨ ਸਿਸਟਮ ਅਤੇ ਅੰਗ ਪੂਰੀ ਤਰ੍ਹਾਂ ਵਿਕਸਤ ਹੋਏ ਹੁੰਦੇ ਹਨ ਜਿਸ ਸਦਕਾ ਉਹ ਬੱਚਿਆਂ ਦੇ ਮੁਕਾਬਲੇ ਕੁਦਰਤੀ ਆਫ਼ਤਾਂ ਦੇ ਸਮੇਂ ਆਪਣੇ ਸਰੀਰ ਉੱਤੇ ਵੱਧ ਸੰਤੁਲਨ ਰੱਖ ਸਕਦੇ ਹਨ। ਬੱਚੇ ਵੱਡਿਆਂ ਨਾਲੋਂ ਵੀ ਵੱਧ ਸਮਾਂ ਘਰ ਤੋਂ ਬਾਹਰ ਗੁਜ਼ਾਰਦੇ ਹਨ, ਕੁਝ ਸਮਾਂ ਖੇਡਣ ਵਿਚ ਅਤੇ ਬਾਕੀ ਦਾ ਸਮਾਂ ਸਕੂਲ ਵਿਚ।

ਧਰਤੀ ਦੇ ਔਸਤ ਤਾਪਮਾਨ ਵਿਚ ਹੋਇਆ ਵਾਧਾ ਹਰ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵਾਧਾ ਵਿਚ ਕਰਦਾ ਹੈ। ਬੱਚੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਜਿਸ ਕਰ ਕੇ ਜੰਗਲੀ ਅੱਗਾਂ, ਹੜ੍ਹਾਂ, ਵੱਡੇ ਤੂਫ਼ਾਨਾਂ ਵਰਗੀਆਂ ਕੁਦਰਤੀ ਆਫ਼ਤਾਂ ਜਿਨ੍ਹਾਂ ਵਿਚ ਜਿਹੜੇ ਬੱਚਿਆਂ ਦੇ ਘਰ, ਸਕੂਲ ਆਦਿ ਤਬਾਹ ਹੋ ਜਾਂਦੇ ਹਨ, ਉਹ ਬੱਚੇ ਸਦਮੇ ਅਤੇ ਮਾਨਸਿਕ ਤਣਾਅ ਵਿਚ ਆ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੀ ਸਿਹਤ ਅਤੇ ਪੜ੍ਹਾਈ, ਦੋਵੇਂ ਪ੍ਰਭਾਵਿਤ ਹੋ ਜਾਂਦੀਆਂ ਹਨ। ਮਾਨਸਿਕ ਤਣਾਅ ਕਾਰਨ ਉਹ ਦਿਲ ਦੀ ਬਿਮਾਰੀ, ਬਰੇਨ ਸਟ੍ਰੋਕ, ਹਾਈਬੱਲਡ ਪ੍ਰੈਸ਼ਰ ਆਦਿ ਦੀ ਲਪੇਟ ਵਿਚ ਆ ਜਾਦੇ ਹਨ। 2002 ਵਿਚ ਸੈਂਡੀ ਚੱਕਰਵਾਤ ਦੇ ਆਉਣ ਤੋਂ ਪ੍ਰਭਾਵਿਤ ਖੇਤਰਾਂ ਦੇ ਬੱਚਿਆਂ ਵਿਚ ਸੁਰੱਖਿਅਤ ਖੇਤਰਾਂ ਦੇ ਬੱਚਿਆਂ ਨਾਲੋਂ ਡਿਪਰੈਸ਼ਨ ਦੇ ਲੱਛਣ 5 ਗੁਣਾ, ਸੌਣ ਵਿਚ ਮੁਸ਼ਕਿਲ ਹੋਣ ਦੇ 8 ਗੁਣਾ ਅਤੇ ਚਿੰਤਾ ਦੇ ਲੱਛਣ 5 ਗੁਣਾ ਵੱਧ ਸਨ।

ਬਹੁਤ ਜ਼ਿਆਦਾ ਗਰਮੀ ਪੈਣ ਅਤੇ ਹੀਟਵੇਵਜ਼ ਆਉਣ ਨਾਲ ਬੱਚੇ ਆਪਣੇ ਆਪ ਸਰੀਰ ਨੂੰ ਸੰਤੁਲਨ ਵਿਚ ਨਾ ਰੱਖਣ ਕਰ ਕੇ ਹੀਟ ਸਟ੍ਰੋਕ, ਪਾਣੀ ਦੀ ਘਾਟ ਅਤੇ ਗਰਮੀਆਂ ਨਾਲ ਸਬੰਧਿਤ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ। ਤਾਪਮਾਨ ਦੇ ਵਾਧੇ ਨਾਲ ਮੱਛਰ, ਚੂਹੇ ਆਦਿ ਛੋਟੇ ਛੋਟੇ ਜਾਨਵਰ ਬਹੁਤ ਤੇਜ਼ੀ ਨਾਲ ਵਧਦੇ ਹਨ ਜੋ ਮਲੇਰੀਆ, ਜੀਕਾ, ਡੇਂਗੂ, ਅਤੇ ਪਲੇਗ ਵਰਗੀਆਂ ਬਿਮਾਰੀਆਂ ਫੈਲਾਉਂਦੇ ਹਨ। ਬੱਚਿਆਂ ਦੀਆਂ ਘਰ ਤੋਂ ਬਾਹਰ ਦੀਆਂ ਗਤੀਵਿਧੀਆਂ ਜ਼ਿਆਦਾ ਹੋਣ ਕਾਰਨ ਉਹ ਇਹੋ ਜਿਹੀਆਂ ਬਿਮਾਰੀਆਂ ਦੀ ਜਕੜ ਵਿਚ ਆ ਜਾਂਦੇ ਹਨ। ਇਹ ਬਿਮਾਰੀਆਂ ਬੱਚਿਆਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ।

ਕੋਲਾ, ਤੇਲ ਆਦਿ ਜੈਵਿਕ ਬਾਲਣ ਗਰੀਨਹਾਊਸ ਗੈਸਾਂ ਅਤੇ ਪ੍ਰਦੂਸ਼ਕਾਂ ਦਾ ਵਾਤਾਵਰਨ ਵਿਚ ਵਾਧਾ ਕਰਦੇ ਹਨ। ਹਵਾ ਵਿਚ ਕਾਰਬਨ ਡਾਇਆਕਸਾਈਡ ਦਾ ਵਾਧਾ ਗਰਮ ਮੌਸਮ ਵਿਚ ਵਾਧਾ ਕਰਦਾ ਹੈ ਜਿਸ ਨਾਲ ਪਰ-ਪਰਾਗਣ ਮੌਸਮ ਲੰਮਾ ਹੋ ਜਾਂਦਾ ਹੈ। ਪਰਾਗ ਅਤੇ ਹਵਾ ਵਿਚਲੇ ਪ੍ਰਦੂਸ਼ਕਾਂ ਨਾਲ ਬੱਚਿਆਂ ਨੂੰ ਐਲਰਜੀ ਹੋ ਜਾਂਦੀ ਹੈ। ਸਲਫਰ ਡਾਇਆਕਸਾਈਡ ਅਤੇ ਓਜ਼ੋਨ ਗੈਸ ਬੱਚਿਆਂ ਵਿਚ ਸਾਹ ਨਾਲੀ ਨਾਲ ਜੁੜੀਆਂ ਬਿਮਾਰੀਆਂ ਫੈਲਾਉਂਦੀਆਂ ਹਨ। ਓਜ਼ੋਨ ਗੈਸ ਦਮੇ ਦੀ ਬਿਮਾਰੀ ਲਈ ਜਾਣੀ ਜਾਂਦੀ ਹੈ। ਅਮਰੀਕਨ ਲੰਗ ਐਸੋਸੀਏਸ਼ਨ ਦੁਆਰਾ ਕੀਤੇ ਅਧਿਐਨ ਅਨੁਸਾਰ ਦਮੇ ਤੋਂ ਪੀੜਤ 2 ਮਿਲੀਅਨ ਬੱਚੇ ਅਮਰੀਕਾ ਦੇ ਉਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ ਜਿੱਥੇ ਓਜ਼ੋਨ ਦੀ ਘਣਤਾ ਸੁਰੱਖਿਅਤ ਸੀਮਾ ਤੋਂ ਜ਼ਿਆਦਾ ਹੈ।

ਤਾਪਮਾਨ ਦੇ ਵਾਧੇ ਨਾਲ ਭੋਜਨ ਅਸੁਰੱਖਿਆ ਦੀ ਸਮੱਸਿਆ ਵੀ ਆ ਜਾਂਦੀ ਹੈ। ਇਸ ਦੀ ਪੁਖਤਾ ਉਦਾਹਰਨ 2022 ਵਿਚ ਸਮੇਂ ਤੋਂ ਪਹਿਲਾਂ ਆਈ ਗਰਮੀ ਦੀ ਰੁੱਤ ਅਤੇ ਹੀਟਵੇਵਜ਼ ਕਾਰਨ ਭਾਰਤ ਦੇ ਪੰਜਾਬ ਰਾਜ ਵਿਚ ਕਣਕ ਦਾ ਝਾੜ ਪ੍ਰਤੀ ਏਕੜ 4-5 ਕੁਇੰਟਲ ਘਟ ਗਿਆ ਹੈ। ਅਨਾਜ ਦੀ ਘਾਟ ਕਾਰਨ ਬੱਚਿਆਂ ਵਿਚ ਭੁੱਖਮਰੀ ਅਤੇ ਕੁਪੋਸ਼ਣ ਦੀ ਫ਼ੀਸਦ ਗਿਣਤੀ ਵੀ ਵਧ ਜਾਂਦੀ ਹੈ।

ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਬੱਚਿਆਂ ਦੇ ਵਰਤਮਾਨ ਅਤੇ ਭਵਿੱਖ ਲਈ ਗੰਭੀਰ ਖ਼ਤਰਾ ਹੈ। ਇਸ ਕਾਰਨ ਬੱਚਿਆਂ ਦੇ ਮੁੱਢਲੇ ਅਧਿਕਾਰ ਵੀ ਖ਼ਤਰੇ ਵਿਚ ਹਨ। ਧਰਤੀ ਉੱਤੇ ਪੈਦਾ ਹੋਏ ਇਸ ਖ਼ਤਰਨਾਕ ਰੁਝਾਨ ਤੋਂ ਬੱਚਿਆਂ ਨੂੰ ਬਚਾਉਣ ਲਈ ਹਰ ਦੇਸ਼ ਦੀ ਸਰਕਾਰ ਨੂੰ ਰਾਸ਼ਟਰੀ ਪੱਧਰ ਅਤੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਅੰਤਰਰਾਸ਼ਟਰੀ ਪੱਧਰ ਉੱਤੇ ਪੂਰੀ ਸੰਜੀਦਗੀ ਨਾਲ ਛੇਤੀ ਤੋਂ ਛੇਤੀ ਉਪਰਾਲੇ ਕਰਨ ਦੀ ਲੋੜ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਰਾਸ਼ਟਰੀ ਪੱਧਰ ਉੱਤੇ ਸਕੂਲਾਂ ਵਿਚ ਬੱਚਿਆਂ ਨੂੰ ਮੌਸਮੀ ਤਬਦੀਲੀਆਂ ਕਾਰਨ ਆ ਰਹੀਆਂ ਕੁਦਰਤੀ ਆਫ਼ਤਾਂ ਨਾਲ ਸਿਝਣ ਦੇ ਉਪਰਾਲਿਆਂ ਬਾਰੇ ਭਰਪੂਰ ਜਾਣਕਾਰੀ ਦੇਣ। ਕੁਦਰਤੀ ਆਫ਼ਤਾਂ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਸੁਰੱਖਿਅਤ ਥਾਵਾਂ ਉੱਤੇ ਰਾਹਤ ਸਥਾਨ ਬਣਾਉਣੇ ਮੁਹੱਈਆ ਕਰਵਾਉਣ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ, ਜਿਵੇਂ ਹੀਟਵੇਵਜ਼ ਸੰਭਾਵੀ ਖੇਤਰਾਂ ਵਿਚ ਜਨਤਕ ਕੂਲਿੰਗ ਥਾਵਾਂ ਬਣਾਉਣ। ਕੁਦਰਤੀ ਆਫ਼ਤਾਂ ਦੇ ਡਰ ਤੋਂ ਪੀੜਿਤ ਬੱਚਿਆਂ ਲਈ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਉਪਲਬਧ ਕਰਵਾਉਣ ਦੀ ਵਿਵਸਥਾ ਅਤੇ ਸੰਸਥਾਵਾਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ। ਇਸ ਲਈ ਬੱਚਿਆਂ ਦੀਆਂ ਲੋੜਾਂ ਅਤੇ ਸਿਹਤ ਦਾ ਖ਼ਾਸ ਧਿਆਨ ਰੱਖਣ ਲਈ ਹਰ ਦੇਸ਼ ਦੀ ਸਰਕਾਰ ਨੂੰ ਵਚਨਬੱਧ ਹੋਣਾ ਚਾਹੀਦਾ ਹੈ।

ਜਿਹੜੇ ਬੱਚੇ ਆਪਣੇ ਮੁੱਢਲੇ ਅਧਿਕਾਰਾਂ ਲਈ ਜਾਗਰੂਕ ਹਨ, ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। 2018 ਵਿਚ ਸਵੀਡਨ ਦੀ ਸਕੂਲ ਪੜ੍ਹਦੀ ਲੜਕੀ ਗਰੇਟਾ ਥੁਨਬਰਗ ਨੇ ਬੱਚਿਆਂ ਨੂੰ ਵਾਤਾਵਰਨ ਨਾਲ ਸਬੰਧਿਤ ਵਿਗਾੜਾਂ ਤੋਂ ਬਚਾਉਣ ਅਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਜਾਗਰੂਕ ਕਰਨ ਲਈ ਫਰਾਈਡੇਅ ਫਾਰ ਫਿਊਚਰ ਨਾਂ ਦੀ ਮੁਹਿੰਮ ਚਲਾਈ ਸੀ। ਉਸ ਦਾ ਕਹਿਣਾ ਸੀ ਕਿ ਵਰਤਮਾਨ ਪੀੜ੍ਹੀ ਦੇ ਨੇਤਾਵਾਂ ਨੂੰ ਸਾਡਾ ਭਵਿੱਖ ਖ਼ਰਾਬ ਕਰਨ ਦਾ ਕੀ ਹੱਕ ਹੈ। ਇਹੋ ਜਿਹੇ ਜਾਗਰੂਕ ਬੱਚਿਆਂ ਦੇ ਵਿਚਾਰਾਂ ਨੂੰ ਬੱਚਿਆਂ ਦੇ ਭਵਿੱਖ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਦੇ ਲਈ ਯੋਜਨਾਬੰਦੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ।

ਅੰਤਰਰਾਸ਼ਟਰੀ ਪੱਧਰ ਉੱਤੇ ਸਾਰੇ ਦੇਸ਼ਾਂ ਨੂੰ ਮਿਲਜੁਲ ਕੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਕਰਨ ਲਈ ਫੌਰੀ ਅਤੇ ਯਕੀਨੀ ਉਪਰਾਲੇ ਕਰਨੇ ਚਾਹੀਦੇ ਹਨ। ਆਈਪੀਸੀਸੀ ਦੀ ਛੇਵੀਂ ਰਿਪੋਰਟ ਦੇ ਸੁਝਾਵਾਂ ਉੱਤੇ ਅਮਲ ਕਰਦੇ ਹੋਏ ਨਿੱਜੀ ਵਾਹਨਾਂ ਦੀ ਥਾਂ ਉੱਤੇ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਚੁਸਤ-ਦਰੁਸਤ ਬਣਾਉਣਾ ਚਾਹੀਦਾ ਹੈ। ਸੜਕਾਂ ਵਾਤਾਵਰਨ ਅਤੇ ਪੈਦਲ ਚੱਲਣ ਵਾਲਿਆਂ ਪੱਖੀ ਹੋਣੀਆਂ ਚਾਹੀਦੀਆਂ ਹਨ। ਘਰ, ਕੰਮ ਵਾਲੀਆਂ ਥਾਵਾਂ ਕੁਦਰਤ ਪੱਖੀ ਹੋਣੀਆਂ ਚਾਹੀਦੀਆਂ ਹਨ। ਪੌਦਿਆਂ ਉੱਤੇ ਆਧਾਰਿਤ ਖਾਧ ਪਦਾਰਥਾਂ ਨੂੰ ਜਾਨਵਰਾਂ ਉੱਤੇ ਆਧਾਰਿਤ ਖਾਧ ਪਦਾਰਥਾਂ ਦੇ ਮੁਕਾਬਲੇ ਵਿਚ ਤਰਜੀਹ ਦੇਣੀ ਅਤੇ ਜੰਗਲਾਂ ਥੱਲੇ ਰਕਬਾ ਵਧਾ ਕੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕਰਨਾ ਚਾਹੀਦਾ ਹੈ। ਬੱਚਿਆਂ ਦੇ ਧੁੰਦਲੇ ਪੈਂਦੇ ਭਵਿੱਖ ਨੂੰ ਦੇਖਦੇ ਹੋਏ ਸ਼ਾਇਦ ਨਵੰਬਰ ਵਿਚ ਕਾਨਫਰੰਸ ਆਫ ਪਾਰਟੀਜ਼-27 ਵਿਚ ਦੁਨੀਆ ਦੇ ਵੱਡੇ ਨੇਤਾ ਸਮੂਹਿਕ ਤੌਰ ਉੱਤੇ ਦ੍ਰਿੜ ਇਰਾਦੇ ਨਾਲ ਠੋਸ ਕਦਮ ਚੁੱਕਣ ਤਾਂ ਕਿ ਆਉਣ ਵਾਲੇ ਸਮੇਂ ਲਈ ਦੁਨੀਆ ਨੂੰ ਸਿਹਤਮੰਦ ਅਤੇ ਸੂਝਵਾਨ ਪੀੜ੍ਹੀ ਦੇ ਸਕਣ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।