ਬੰਦੀ ਸਿੰਘਾਂ ਦੀ ਰਿਹਾਈ ਲਈ ਪੈਦਲ ਮਾਰਚ ਕੱਢਿਆ

ਬੰਦੀ ਸਿੰਘਾਂ ਦੀ ਰਿਹਾਈ ਲਈ ਪੈਦਲ ਮਾਰਚ ਕੱਢਿਆ

ਚਮਕੌਰ ਸਾਹਿਬ- ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਧਾਰਮਿਕ ਮੁੱਦਿਆਂ ਅਤੇ ਸਰਕਾਰ ਦੀ ਇਨ੍ਹਾਂ ਮੁੱਦਿਆਂ ਖਿਲਾਫ ਅਣਦੇਖੀ ਨੂੰ ਲੈ ਕੇ ਇੱਥੇ ਸਿੱਖ ਨੌਜਵਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਹ ਪੈਦਲ ਮਾਰਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਇੱਥੋਂ ਦੇ ਬਾਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਮੇਨ ਸੜਕ ਤੋਂ ਹੋ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ। ਮਾਰਚ ਦੌਰਾਨ ਸ਼ਾਮਲ ਹੋਏ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਦਰਸ਼ਨ ਸਿੰਘ ਸੰਧੂ ਯੂਐੱਸਏ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਹਰਦੀਪ ਸਿੰਘ ਸੋਨੀ, ਯੂਥ ਆਗੂ ਲਖਵੀਰ ਸਿੰਘ ਲੱਖੀ ਅਤੇ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਇਸ ਸਾਰੇ ਮੁੱਦਿਆਂ ’ਤੇ ਸਰਕਾਰ ਚੁੱਪ ਕਰਕੇ ਬੈਠੀ ਹੈ, ਦੂਜੇ ਪਾਸੇ ਸਿੱਖ ਸੰਗਤ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੜਕਾਂ ’ਤੇ ਪੱਕੇ ਮੋਰਚੇ ਲਗਾ ਕੇ ਬੈਠੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਬੇਅਦਬੀ ਦੀਆਂ ਘਟਨਾਵਾਂ ਸਮੇਤ ਬਹਿਬਲ ਕਲਾਂ ਗੋਲੀਕਾਂਡ ਦੇ ਮੁਲਜ਼ਮਾਂ ਨੂੰ ਜਲਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਪਰਮਿੰਦਰ ਸਿੰਘ ਸੇਖੋਂ, ਗਗਨਦੀਪ ਸਿੰਘ, ਸੰਦੀਪ ਜੱਸੜਾ, ਕਮਲਜੀਤ ਸਿੰਘ ਤੇ ਪ੍ਰਗਟ ਸਿੰਘ ਰੋਲੂਮਾਜਰਾ ਆਦਿ ਹਾਜ਼ਰ ਸਨ।