ਬੰਦੀ ਬਣਾਏ ਪਰਵਾਸੀ ਨੂੰ ਸਮਾਜ ਸੇਵੀਆਂ ਨੇ ਡੇਰੇ ਤੋਂ ਛੁਡਵਾਇਆ

ਬੰਦੀ ਬਣਾਏ ਪਰਵਾਸੀ ਨੂੰ ਸਮਾਜ ਸੇਵੀਆਂ ਨੇ ਡੇਰੇ ਤੋਂ ਛੁਡਵਾਇਆ

ਭੋਗਪੁਰ- ਇੱਥੋਂ ਦੀ ਸਮਾਜ ਸੇਵੀ ਜਥੇਬੰਦੀ ਵਾਲਮੀਕ ਸੰਘਰਸ਼ ਮੋਰਚਾ ਨੇ ਗੁਪਤ ਅਪਰੇਸ਼ਨ ਚਲਾ ਕੇ ਬੰਦੀ ਬਣਾਏ ਪਰਵਾਸੀ ਮਜ਼ਦੂਰ ਨੂੰ ਛੁਡਵਾਇਆ ਤੇ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਤਰਨ ਤਾਰਨ ਨੂੰ ਸੌਂਪਿਆ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰਾਂ (ਚਾਹੜਕੇ) ਬਲਾਕ ਭੋਗਪੁਰ ਜ਼ਿਲ੍ਹਾ ਜਲੰਧਰ ਦੇ ਨੇੜੇ ਗੁੱਜਰ ਲਿਆਕਤ ਅਲੀ ਪੁੱਤਰ ਬਸ਼ੀਰ ਖਾਨ ਨੇ ਆਪਣੇ ਡੇਰੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ ਉਸ ਕੋਲੋਂ ਦਿਨ-ਰਾਤ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਗੋਹਾ ਚੁੱਕਣ ਦਾ ਕੰਮ ਪਿਛਲੇ 18 ਮਹੀਨਿਆਂ ਤੋਂ ਕਰਵਾਇਆ ਜਾ ਰਿਹਾ ਸੀ। ਉਸ ਨੂੰ ਖਾਣਾ ਵੀ ਮਿਆਰੀ ਨਹੀਂ ਦਿੱਤਾ ਜਾਂਦਾ ਸੀ ਅਤੇ ਗੋਹੇ ਨਾਲ ਲਿੱਬੜੇ ਕੱਪੜੇ ਪਾਉਣ ਨੂੰ ਦਿੱਤੇ ਜਾਂਦੇ ਸਨ। ਰਾਤ ਨੂੰ ਪਰਾਲੀ ਤੇ ਬੋਰੀਆਂ ਵਿੱਚ ਸੌਣ ਤੋਂ ਪਹਿਲਾਂ ਉਸ ਦੀ ਲੱਤ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਸਵੇਰੇ ਕੰਮ ਕਰਾਉਣ ਲਈ ਸੰਗਲ ਖੋਲ੍ਹ ਦਿੱਤੇ ਜਾਂਦੇ ਸਨ ਅਤੇ ਸਾਰਾ ਦਿਨ ਬਿਨਾਂ ਮਜ਼ਦੂਰੀ ਦਿੱਤੇ ਕੰਮ ਲਿਆ ਜਾਂਦਾ ਸੀ। ਵਾਲਮੀਕਿ ਸੰਘਰਸ਼ ਮੋਰਚਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜੱਸ ਕਲਿਆਣ ਦੀ ਅਗਵਾਈ ਹੇਠ ਮੋਰਚੇ ਦੇ ਕਾਰਕੁਨਾਂ ਨੇ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਤਰਨ ਤਾਰਨ ਦੇ ਮੁਖੀ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਸੂਚਿਤ ਕਰਕੇ ਸਾਂਝਾ ਅਪਰੇਸ਼ਨ ਕਰਕੇ ਗੁੱਜਰ ਲਿਆਕਤ ਅਲੀ ਦੇ ਡੇਰੇ ਤੋਂ ਪਰਵਾਸੀ ਮਜ਼ਦੂਰ ਨੂੰ ਛੁਡਵਾਇਆ ਜਿਸ ਨੂੰ ਆਪਣੇ ਘਰ ਦਾ ਥਹੁ-ਪਤਾ ਭੁੱਲਿਆ ਹੋਇਆ ਹੈ ਪਰ ਉਹ ਆਪਣਾ ਨਾਂ ਰਾਜੂ ਦੱਸਦਾ ਹੈ। ਪ੍ਰਧਾਨ ਜੱਸ ਕਲਿਆਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਬਣਦੀ ਮਜ਼ਦੂਰੀ ਗੁੱਜਰ ਕੋਲੋਂ ਲੈ ਕੇ ਦਿਵਾਈ ਜਾਵੇਗੀ। ਗੁੱਜਰ ਲਿਆਕਤ ਅਲੀ ਨੇ ਇਸ ਮਾਮਲੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਥਾਣਾ ਭੋਗਪੁਰ ਦੇ ਮੁਖੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਬਾਰੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ।