ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਯਤਨ ਤੇਜ਼ ਕਰਨ: ਜਥੇਦਾਰ ਗਿ. ਰਘਬੀਰ ਸਿੰਘ

ਅੰਮ੍ਰਿਤਸਰ : ਬੰਦੀ ਛੋੜ ਦਿਵਸ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੀਪਮਾਲਾ ਕਰਕੇ, ਆਤਿਸ਼ਬਾਜ਼ੀ ਚਲਾ ਕੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਸ਼ਾਮ ਨੂੰ ਪੁਰਾਤਨ ਪੰਥਕ ਰਵਾਇਤ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ। ਉਪਰੰਤ ਪਰਿਕਰਮਾ ਵਿਚ ਪਾਵਨ ਸਰੋਵਰ ਕਿਨਾਰੇ ਕੀਤੀ ਗਈ ਰੰਗ ਬਿਰੰਗੀ ਬਿਜਲਈ ਦੀਪਮਾਲਾ ਦੇ ਨਜ਼ਾਰੇ ਦੇ ਨਾਲ ਨਾਲ ਰਵਾਇਤੀ ਦੇਸੀ ਘਿਉ ਦੇ ਦੀਵੇ ਤੇ ਰੰਗ ਬਿਰੰਗੀਆਂ ਮੋਮਬੱਤੀਆਂ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਸ਼ਾਮ ਨੂੰ ਆਤਿਸ਼ਬਾਜੀ ਦੇ ਅਦਭੁੱਤ ਨਜ਼ਾਰਿਆਂ ਦਾ ਅਨੰਦ ਮਾਣਿਆ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਰਾਗੀ, ਢਾਡੀ, ਕਵੀਸ਼ਰੀ ਜਥਿਆਂ, ਪ੍ਰਚਾਰਕਾਂ ਅਤੇ ਕਵੀਆਂ ਨੇ ਗੁਰਬਾਣੀ ਕੀਰਤਨ, ਸਿੱਖ ਇਤਿਹਾਸ ਅਤੇ ਧਾਰਮਿਕ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਸੰਬੰਧੀ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਕਰਕੇ ਮੁਕਰ ਜਾਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ, 39 ਸਾਲਾਂ ਬਾਅਦ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਅਤੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਦੇ ਸਿਆਸੀ ਵਿਤਕਰਿਆਂ ਦਾ ਜ਼ਿਕਰ ਛੋਂਹਦਿਆਂ ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਨੂੰ ਆਪਣੇ ਹੱਕਾਂ ਲਈ ਇਕਜੁੱਟਤਾ ਨਾਲ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ।
ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਇਸ ਦਿਹਾੜੇ ਦਾ ਸੰਬੰਧ ਸਿੱਖ ਧਰਮ ਦੇ ਸੰਸਥਾਗਤ ਪ੍ਰਚਾਰ ਪ੍ਰਸਾਰ, ਖੂਨੀ ਪੈਂਡਿਆਂ ਅਤੇ ਜਬਰ-ਜ਼ੁਲਮ ਵਿਰੁੱਧ ਸੰਘਰਸ਼ ਦੌਰਾਨ ਕੌਮੀ ਤਕਦੀਰ ਉਡੀਕਣ ਦੇ ਅਹਿਮ ਦਿਹਾੜੇ ਵਜੋਂ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਮੁਗਲ ਹਾਕਮਾਂ ਵਲੋਂ ਲਗਾਈਆਂ ਤੁਅੱਸਬੀ ਪਾਬੰਦੀਆਂ ਦੇ ਬਾਵਜੂਦ ਵੀ ਬੰਦੀ ਛੋੜ ਦਿਵਸ ਮੌਕੇ ਸਿੱਖ ਆਪਣੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ-ਜੱਸ ਸਰਵਣ ਕਰਦੇ ਅਤੇ ਮਿਲ ਬੈਠ ਕੇ ਕੌਮ ਲਈ ਭਵਿੱਖੀ ਪ੍ਰੋਗਰਾਮ ਉਲੀਕਦੇ ਸਨ। ਇਸ ਪਰੰਪਰਾ ਨੇ ਸਿੱਖ ਕੌਮ ਦੀ ਬਿਖੜੇ ਸਮਿਆਂ ’ਚੋਂ ਬਾਹਰ ਨਿਕਲਣ ਅਤੇ ਨਵੀਂਆਂ ਦਿਸ਼ਾਵਾਂ ਤੈਅ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਤੋਂ ਅੱਜ ਵੀ ਸੇਧ ਲੈਣ ਦੀ ਲੋੜ ਹੈ। ਗਿਆਨੀ ਰਘਬੀਰ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ, ਜਜ਼ਬੇ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਸੰਬੰਧੀ ਪਾਈ ਪਟੀਸ਼ਨ ’ਤੇ ਕੇਂਦਰ ਸਰਕਾਰ ਵਲੋਂ ਕੋਈ ਫ਼ੈਸਲਾ ਅਮਲ ਵਿਚ ਲੈ ਕੇ ਨਾ ਆਉਣਾ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਕੇ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕਿਹਾ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਦਿੱਤਾ ਕਿ ਉਹ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਸਮੂਹ ਪੰਥਕ ਦਲਾਂ ਅਤੇ ਜਥੇਬੰਦੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਸੱਦੇ। ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਜਾਰੀ ਕੀਤਾ ਕਿ ਉਹ ਆਪਣੇ ਅਸਰ ਰਸੂਖ ਅਤੇ ਨੇੜਲੇ ਸੰਬੰਧਾਂ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸੰਬੰਧੀ ਅਪੀਲ ’ਤੇ ਫ਼ੈਸਲਾ ਕਰਵਾਉਣ ਲਈ ਗੰਭੀਰਤਾ ਨਾਲ ਯਤਨ ਕਰੇ ਅਤੇ ਇਸ ਸੰਬੰਧੀ 15 ਦਿਨਾਂ ਤੇ ਅੰਦਰ-ਅੰਦਰ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ। ਉਨ੍ਹਾਂ ਸੰਦੇਸ਼ ਵਿਚ ਭਾਈ ਰਾਜੋਆਣਾ ਨੂੰ ਵੀ ਕਿਹਾ ਕਿ ਉਹ ਕੋਈ ਵੀ ਅਜਿਹਾ ਕਦਮ ਨਾ ਚੁੱਕਣ, ਜੋ ਉਨ੍ਹਾਂ ਦੀ ਜ਼ਿੰਦਗੀ ਤੇ ਕੌਮ ਲਈ ਚਿੰਤਾ ਵਾਲਾ ਹੋਵੇ। ਜਥੇਦਾਰ ਨੇ ਆਪਣੇ ਸੰਦੇਸ਼ ਵਿਚ ਵਿਦੇਸ਼ਾਂ ਅੰਦਰ ਵੱਖਰੀ ਪਛਾਣ ਸੰਬੰਧੀ ਭਰਮ-ਭੁਲੇਖਿਆਂ ਅਤੇ ਨਸਲਵਾਦ ਦੀ ਭਾਵਨਾ ਨਾਲ ਸਿੱਖਾਂ ਉੱਪਰ ਹੋ ਰਹੇ ਹਮਲਿਆਂ ’ਤੇ ਚਿੰਤਾ ਕਰਨ ਦੇ ਨਾਲ-ਨਾਲ ਭਾਰਤ ਅੰਦਰ ਵੀ ਸਿੱਖਾਂ ਪ੍ਰਤੀ ਵੱਧ ਰਹੀ ਅਸਿਹਣਸ਼ੀਲਤਾ ’ਤੇ ਵੀ ਗੰਭੀਰ ਰੁਖ਼ ਦਿਖਾਇਆ। ਉਨ੍ਹਾਂ ਇਸ ਗੱਲ ’ਤੇ ਚਿੰਤਾ ਜਾਹਰ ਕੀਤੀ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਕਾਤਲ 39 ਸਾਲ ਬਾਅਦ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਹਨ। ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਨੌਜਵਾਨਾਂ ਨੂੰ ਮੁਫ਼ਤ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰਾਉਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਸਿੱਖ ਸਮਾਜ ਨੂੰ ਦੇਖਾ-ਦੇਖੀ ਆਪਣੇ ਬੱਚੇ ਵਿਦੇਸ਼ ਭੇਜਣ ਦੀ ਬਜਾਏ ਇਥੇ ਰਹਿੰਦਿਆਂ ਆਪਣੀ ਕਾਬਲੀਅਤ ਅਤੇ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਸੇਧਿਤ ਕਰਕੇ ਉੱਚ ਪ੍ਰਸ਼ਾਸਨਿਕ, ਡਾਕਟਰੀ ਸਿੱਖਿਆ, ਤਕਨੀਕੀ ਅਤੇ ਵਣਜ ਵਪਾਰ ਦੇ ਖੇਤਰ ਵਿਚ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੇਵਲ ਸਰਕਾਰਾਂ ਤੋਂ ਉਮੀਦ ਰੱਖਣ ਦੀ ਬਜਾਏ ਗੁਰੂ ਘਰਾਂ ਦੀ ਪਹਿਰੇਦਾਰੀ ਨੂੰ ਖ਼ੁਦ ਮਜ਼ਬੂਤ ਕਰਨ ਦੀ ਤਾਕੀਦ ਵੀ ਕੀਤੀ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸੰਗਤਾਂ ਨੂੰ ਬੰਦੀ ਛੋੜ ਦਿਹਾੜੇ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਅਤੇ ਸਿੱਖ ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਰੋਸ਼ਨੀ ਵਿਚ ਪੰਥ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁੱਖੀਆਂ ਅਤੇ ਨੁਮਾਇੰਦਿਆਂ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸਨਮਾਨਿਤ ਕੀਤਾ। ਸਮਾਗਮਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ, ਭਾਈ ਅਮਰਜੀਤ ਸਿੰਘ ਮਸਕੀਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਵਧੀਕ ਮੁੱਖ ਗ੍ਰੰ?ਰਥੀ ਗਿਆਨੀ ਮਲਕੀਤ ਸਿੰਘ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਭਲਾਈਪੁਰ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਕੁਲਵੰਤ ਸਿੰਘ ਮੰਨਣ, ਗੁਰਮੀਤ ਸਿੰਘ ਬੂਹ, ਅਜਾਇਬ ਸਿੰਘ ਅਭਿਆਸੀ, ਸਕੱਤਰ ਪ੍ਰਤਾਪ ਸਿੰਘ, ਓ. ਐੱਸ. ਡੀ. ਸਤਬੀਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ ਸਮੇਤ ਹੋਰ ਪੰਥਕ ਸ਼ਖ਼ਸੀਅਤਾਂ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਹਾਜ਼ਰ ਸਨ।