ਬੰਦੀਛੋੜ ਦਿਵਸ ਦਾ ਇਤਿਹਾਸਕ ਮਹੱਤਵ

ਬੰਦੀਛੋੜ ਦਿਵਸ ਦਾ ਇਤਿਹਾਸਕ ਮਹੱਤਵ

ਸਿੱਖ ਧਰਮ ਅੰਦਰ ਬੰਦੀਛੋੜ ਦਿਵਸ (ਦੀਵਾਲੀ) ਦਾ ਪਿਛੋਕੜ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿਚੋਂ ਰਿਹਾਅ ਹੋਣ ਨਾਲ ਜੁੜਿਆ ਹੋਇਆ ਹੈ। ਰਿਹਾਈ ਮਗਰੋਂ ਇਸ ਦਿਨ ਜਦੋਂ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਪੁੱਜੇ ਸਨ ਤਾਂ ਸੰਗਤਾਂ ਵਲੋਂ ਦੀਪਮਾਲਾ ਕਰ ਕੇ ਖ਼ੁਸ਼ੀਆਂ ਮਨਾਈਆਂ ਗਈਆਂ ਸਨ। ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਸਮੇਂ ਆਪਣੇ ਨਾਲ ਉਨ੍ਹਾਂ ਰਾਜਿਆਂ ਦੀ ਵੀ ਖਲਾਸੀ ਕਰਵਾਈ ਜੋ ਉਥੇ ਜਹਾਂਗੀਰ ਵਲੋਂ ਕੈਦੀ ਬਣਾ ਕੇ ਰੱਖੇ ਗਏ ਸਨ। ਸਿੱਖ ਇਤਿਹਾਸ ਦੇ ਇਹ ਪੰਨੇ ਕੂੜ ਉਪਰ ਧਰਮ ਅਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਹਨ। ਇਸ ਨਾਲ ਮਨੁੱਖਤਾ ਅੰਦਰ ਮਰ ਚੁੱਕੀ ਆਜ਼ਾਦੀ ਦੀ ਕਿਰਨ ਇਕ ਵਾਰ ਫਿਰ ਤੋਂ ਰੌਸ਼ਨ ਹੋਈ। ਚਲਦੀ ਆ ਰਹੀ ਰਵਾਇਤ ਅਨੁਸਾਰ ਇਸ ਦਿਨ ਸੰਗਤਾਂ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਨ ਦਾ ਅਨੰਦ ਮਾਣਨ ਲਈ ਲੱਖਾਂ ਦੀ ਗਿਣਤੀ ਵਿਚ ਪੁੱਜਦੀਆਂ ਹਨ।

ਬੰਦੀਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ, ਭਾਵੇਂ ਪੀੜਤ ਧਿਰ ਕੋਈ ਵੀ ਹੋਵੇ। ਦਰਅਸਲ ਸਿੱਖੀ ਦੇ ਮੁੱਢਲੇ ਅਸੂਲਾਂ ਵਿਚ ਨਿਆਂ ਅਤੇ ਪਰਉਪਕਾਰ ਮੋਹਰੀ ਹੈ। ਇਸੇ ਤਹਿਤ ਹੀ ਸਿੱਖ ਗੁਰੂ ਸਾਹਿਬਾਨ ਨੇ ਹਰ ਪੀੜਤ ਧਿਰ ਨਾਲ ਖੜ੍ਹਦਿਆਂ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਹੱਕ, ਸੱਚ ਤੇ ਨਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ।
ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਸ਼ਸਤਰਧਾਰੀ ਹੋਣਾ ਪਵੇਗਾ। ਇਸੇ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ‘ਤੇ ਬਿਰਾਜਮਾਨ ਹੋਣ ਮੌਕੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਵਾਈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ ਸੀ ਜੋ ਅੱਗੇ ਚੱਲ ਕੇ ਆਪਣੇ ਗੁਰੂ ਸਾਹਿਬ ਦੀ ਕਮਾਨ ਥੱਲੇ ਧਰਮ ਖਾਤਿਰ ਆਪਣੀਆਂ ਜਾਨਾਂ ਤੱਕ ਵਾਰ ਗਏ। ਵਕਤ ਦੀ ਸ਼ਕਤੀਸ਼ਾਲੀ ਮੁਗਲੀਆ ਹਕੂਮਤ ਦੇ ਦੌਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਫੌਜ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ, ਸਾਰੀਆਂ ਵਿਚ ਉਹ ਜੇਤੂ ਰਹੇ। ਪਰ ਇਸ ਦੇ ਚਲਦਿਆਂ ਹਕੂਮਤ ਨੇ ਗੁਰੂ-ਘਰ ਦੇ ਕੁਝ ਦੋਖੀਆਂ ਦੀਆਂ ਚੁਗਲੀਆਂ ਅਤੇ ਕੱਟੜ-ਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਗਵਾਲੀਅਰ ਦੇ ਇਸ ਵਿਸ਼ਾਲ ਅਤੇ ਮਜ਼ਬੂਤ ਕਿਲ੍ਹੇ ਵਿਚ ਹਕੂਮਤ ਵਲੋਂ ਇਸ ਮੁਲਕ ਦੇ ਬਹੁਤ ਸਾਰੇ ਬਾਗ਼ੀ ਰਾਜਪੂਤ ਰਾਜੇ ਅਤੇ ਕਈ ਹੋਰ ਪ੍ਰਭਾਵਸ਼ਾਲੀ ਆਦਮੀ ਵੀ ਕੈਦ ਵਿਚ ਰੱਖੇ ਹੋਏ ਸਨ। ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਸੁਣ ਕੇ ਸੰਗਤਾਂ ਵਿਆਕੁਲ ਹੋਣ ਲੱਗ ਪਈਆਂ। ਸੰਗਤਾਂ ਸ੍ਰੀ ਅੰਮ੍ਰਿਤਸਰ ਤੋਂ ਗਵਾਲੀਅਰ ਪੁੱਜਦੀਆਂ, ਪ੍ਰੰਤੂ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਕਿਲ੍ਹੇ ਦੀ ਪਰਕਰਮਾਂ ਕਰ ਕੇ ਵਾਪਸ ਆ ਜਾਂਦੀਆਂ। ਗੁਰੂ ਸਾਹਿਬ ਦੀ ਆਭਾ ਅਤੇ ਸੰਗਤ ਦੀ ਭਾਵਨਾ ਵੇਖ ਕੇ ਜਹਾਂਗੀਰ ਨੂੰ ਸਮਝ ਪੈ ਗਈ ਕਿ ਇਸ ਲਹਿਰ ਨੂੰ ਬਹੁਤੀ ਦੇਰ ਨਹੀਂ ਦਬਾਇਆ ਜਾ ਸਕਦਾ। ਉਸ ਨੇ ਗੁਰੂ ਜੀ ਨਾਲ ਸੁਲ੍ਹਾ ਕਰਨੀ ਹੀ ਠੀਕ ਸਮਝੀ ਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜੇ। ਪਰ ਗੁਰੂ ਹਰਿਗੋਬਿੰਦ ਸਾਹਿਬ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਬਾਹਰ ਆਉਣਾ ਸਵੀਕਾਰ ਨਾ ਕੀਤਾ ਅਤੇ ਉਥੇ ਬੰਦੀ ਬਣਾਏ ਰਾਜਪੂਤ ਰਾਜਿਆਂ ਆਦਿ ਦੀ ਰਿਹਾਈ ਦੀ ਹਕੂਮਤ ਨਾਲ ਗੱਲਬਾਤ ਵੀ ਤੋਰੀ ਅਤੇ ਗੁਰੂ ਸਾਹਿਬ ਜੀ ਦੀ ਸੂਝਬੂਝ ਸਦਕਾ ਕੈਦੀ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਸਿੱਖ ਪਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 52 ਕਲੀਆਂ ਵਾਲਾ ਇਕ ਖ਼ਾਸ ਚੋਲ਼ਾ ਪਹਿਨਿਆ ਸੀ ਅਤੇ ਉਨ੍ਹਾਂ 52 ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜ੍ਹ ਕੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਿਲ ਕੀਤਾ ਸੀ। ਇਸ ਤਰ੍ਹਾਂ ਇਸ ਦਿਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀਛੋੜ’ ਦਾਤਾ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।
ਬੰਦੀਛੋੜ ਦਿਵਸ ਸਾਨੂੰ ਉਸ ਮਹਾਨ ਸ਼ਹੀਦ ਦੀ ਵੀ ਯਾਦ ਦਿਵਾਉਂਦੀ ਹੈ ਕਿ ਜਿਸ ਨੇ ਬੰਦ ਬੰਦ ਤਾਂ ਕਟਵਾ ਲਿਆ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਮੁਗ਼ਲ ਸਰਕਾਰ ਸ਼ੁਰੂ ਤੋਂ ਹੀ ਸਿੱਖ ਪੰਥ ਦੇ ਵਿਰੁੱਧ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਜੋ ਆਦਰਸ਼ ਉਨ੍ਹਾਂ ਸਾਹਮਣੇ ਰੱਖਿਆ, ਇਸ ਨਾਲ ਪੰਥ ਤੇ ਸਰਕਾਰ ਵਿਚ ਟੱਕਰ ਹੋਰ ਤਿੱਖੀ ਹੋ ਗਈ। ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਉਨ੍ਹਾਂ ਦੇ ਨਿਸ਼ਾਨਿਆਂ ਦੀ ਪੂਰਤੀ ਦੀ ਜ਼ਿੰਮੇਵਾਰੀ ਖ਼ਾਲਸਾ ਪੰਥ ਦੇ ਮੋਢਿਆਂ ‘ਤੇ ਆਣ ਪਈ, ਜਿਸ ਲਈ ਸਮੇਂ ਸਮੇਂ ਸਿਰ ਇਕੱਠੇ ਹੋ ਕੇ ਪੰਥਕ ਪੱਧਰ ‘ਤੇ ਫ਼ੈਸਲੇ ਕਰਨ ਦੀ ਲੋੜ ਮਹਿਸੂਸ ਹੋਣ ਲੱਗੀ। ਬੰਦੀਛੋੜ ਦਿਵਸ ਦੇ ਸਾਲਾਨਾ ਇਕੱਠ ਨੂੰ ਇਸ ਮਨੋਰਥ ਲਈ ਵਰਤਿਆ ਜਾਣ ਲੱਗਾ ਜਿਸ ਕਾਰਨ ਇਸ ਦਿਹਾੜੇ ਦੀ ਅਹਿਮੀਅਤ ਵਿਚ ਭਾਰੀ ਵਾਧਾ ਹੋਇਆ। ਇਹ ਫ਼ੈਸਲਾ ਉਹ ਗੁਰੂ ਦੀ ਮਤ ਅਨੁਸਾਰ ਕਰਦੇ ਤਾਂ ਹੀ ਇਨ੍ਹਾਂ ਨੂੰ ਗੁਰਮਤਾ ਕਹਿਆ ਜਾਂਦਾ ਸੀ। 18ਵੀਂ ਸਦੀ ਦੇ ਮੁਸ਼ਕਿਲ ਸਮੇਂ ਵਿਚ ਖ਼ਾਲਸਾ ਪੰਥ ਬੰਦੀਛੋੜ ਦਿਵਸ (ਦੀਵਾਲੀ) ਦੇ ਮੌਕੇ ਇਕੱਠੇ ਹੋ ਕੇ ਅਰੰਭੇ ਸੰਘਰਸ਼ ਦਾ ਲੇਖਾ-ਜੋਖਾ ਕਰਿਆ ਕਰਦੇ ਸਨ ਤੇ ਪਿਛਲੇ ਸਮੇਂ ਦੀਆਂ ਹੋਈਆਂ ਕੁਤਾਹੀਆਂ ਨੂੰ ਦੂਰ ਕਰ ਕੇ ਭਵਿੱਖ ਲਈ ਉਸਾਰੂ ਵਿਉਂਤਾਂ ਉਲੀਕਿਆਂ ਕਰਦੇ ਸਨ। ਪਰ ਹਕੂਮਤ ਵਲੋਂ ਸਖ਼ਤੀ ਦੇ ਦੌਰ ਵਿਚ ਸਿੱਖਾਂ ਦਾ ਸ੍ਰੀ ਅੰਮ੍ਰਿਤਸਰ ਆਉਣਾ ਮੁਸ਼ਕਿਲ ਹੋ ਗਿਆ। ਬੰਦੀਛੋੜ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਪ੍ਰਾਪਤ ਕੀਤੀ। ਪ੍ਰੰਤੂ ਜਦੋਂ ਉਨ੍ਹਾਂ ਨੂੰ ਜ਼ਕਰੀਆਂ ਖਾਨ ਵਲੋਂ ਇਕੱਠੇ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਤਰਤਾ ਨੂੰ ਰੋਕ ਦਿੱਤਾ। ਇਸ ‘ਤੇ ਟੈਕਸ ਦਾ ਬਹਾਨਾ ਬਣਾ ਕੇ ਮੰਦ ਨੀਤ ਨਾਲ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਕਰੂਰ ਕਾਰਾ ਕੀਤਾ। ਇਸ ਤਰ੍ਹਾਂ ਬੰਦੀਛੋੜ ਦਿਵਸ ਦਾ ਨਾਤਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।
ਇਹੋ ਕਾਰਨ ਹੈ ਕਿ ਬੰਦੀਛੋੜ ਦਿਵਸ ‘ਤੇ ਹਰ ਸਾਲ ਸਿੱਖ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ ਆਪਣੇ ਜੀਵਨ ਨੂੰ ਗੁਰਮਤਿ ਦੀਆਂ ਸੇਧਾਂ ਵਿਚ ਤੋਰਨ ਲਈ ਇਨ੍ਹਾਂ ਚਾਨਣ ਮੁਨਾਰਿਆਂ ਦੀ ਸਹਾਇਤਾ ਲੈਣ ਦੇ ਯਤਨ ਕਰਦੇ ਹਨ। ਅੱਜ ਵੀ ਖ਼ਾਲਸਾ ਪੰਥ ਬੰਦੀਛੋੜ ਦਿਵਸ (ਦੀਵਾਲੀ) ਦੇ ਮੌਕੇ ਅੰਮ੍ਰਿਤਸਰ ਵਿਚ ਭਾਰੀ ਗਿਣਤੀ ਵਿਚ ਇਕੱਠਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੰਦੇ ਹਨ। ਮੰਤਵ ਇਹ ਹੈ ਕਿ ਸਿੱਖ ਕੌਮ ਆਪਣੇ ਇਤਿਹਾਸ ਨਾਲ ਜੁੜ ਕੇ ਭਵਿੱਖ ਦੀਆਂ ਤਰਜੀਹਾਂ ਨਿਰਧਾਰਤ ਕਰੇ। ਸੋ, ਬੰਦੀਛੋੜ ਦਿਵਸ (ਦੀਵਾਲੀ) ਦੇ ਮੌਕੇ ‘ਤੇ ਜਿਥੇ ਸਿੱਖ ਨੇ ਹੱਕ, ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ ਨੂੰ ਦ੍ਰਿੜ ਕਰਨਾ ਹੈ, ਉਥੇ ਸਿੱਖੀ ਸਿਖ਼ਰ ਦੀ ਪ੍ਰਪੱਕਤਾ ਨੂੰ ਵੀ ਰੋਮ-ਰੋਮ ਵਿਚ ਵਸਾਉਣਾ ਹੈ।