ਬੰਗਾਲ: ਸੀਬੀਆਈ ਵੱਲੋਂ ਮੰਤਰੀ ਤੇ ਵਿਧਾਇਕ ਦੀਆਂ ਰਿਹਾਇਸ਼ਾਂ ਸਣੇ 12 ਥਾਈਂ ਛਾਪੇ

ਬੰਗਾਲ: ਸੀਬੀਆਈ ਵੱਲੋਂ ਮੰਤਰੀ ਤੇ ਵਿਧਾਇਕ ਦੀਆਂ ਰਿਹਾਇਸ਼ਾਂ ਸਣੇ 12 ਥਾਈਂ ਛਾਪੇ

ਕੋਲਕਾਤਾ- ਸੀਬੀਆਈ ਨੇ ਅੱਜ ਪੱਛਮੀ ਬੰਗਾਲ ਦੇ ਸੀਨੀਅਰ ਮੰਤਰੀ ਫਰਹਾਦ ਹਕੀਮ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿੱਤਰਾ ਦੀਆਂ ਰਿਹਾਇਸ਼ਾਂ ਸਣੇ 12 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਸੂਬੇ ਵਿੱਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵੱਲੋਂ ਕੀਤੀਆਂ ਗਈਆਂ ਭਰਤੀਆਂ ’ਚ ਕਥਿਤ ਅਨਿਯਮਤਾਵਾਂ ਦੀ ਜਾਂਚ ਦੇ ਸਬੰਧ ਵਿੱਚ ਮਾਰੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਕੀਮ ਕੋਲਕਾਤਾ ਦੇ ਮੇਅਰ ਵੀ ਹਨ। ਉਹ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਹਨ ਅਤੇ ਪਾਰਟੀ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ।

ਅਧਿਕਾਰੀਆਂ ਮੁਤਾਬਕ, ਸੀਬੀਆਈ ਅਧਿਕਾਰੀਆਂ ਦੀ ਇਕ ਟੀਮ ਕੇਂਦਰੀ ਬਲਾਂ ਦੀ ਇਕ ਵੱਡੀ ਟੁੱਕੜੀ ਦੇ ਨਾਲ ਦੱਖਣੀ ਕੋਲਕਾਤਾ ਦੇ ਚੇਤਲਾ ਇਲਾਕੇ ਵਿੱਚ ਹਕੀਮ ਦੀ ਰਿਹਾਇਸ਼ ’ਤੇ ਪਹੁੰਚੀ। ਇਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਉਹ ਪੁੱਛਗਿਛ ਕਰ ਰਹੇ ਹਨ ਕਿ ਕੀ ਭਰਤੀ ਪ੍ਰਕਿਰਿਆ ਵਿੱਚ ਅਨਿਯਮਤਾਵਾਂ ਬਾਰੇ ਉਨ੍ਹਾਂ ਨੂੰ ਪਤਾ ਸੀ। ਇਸ ਦੌਰਾਨ ਕੁਝ ਦਸਤਾਵੇਜ਼ ਵੀ ਕਬਜ਼ੇ ’ਚ ਲਏ ਗਏ ਹਨ।’’ ਜਵਿੇਂ ਹੀ ਸੀਬੀਆਈ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਹਕੀਮ ਦੇ ਸਮਰਥਕ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਤਰ ਹੋ ਗਏ ਅਤੇ ਵਿਰੋਧ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੀਬੀਆਈ ਦੀ ਇਕ ਟੀਮ ਨੇ ਸਾਬਕਾ ਮੰਤਰੀ ਅਤੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਕਮਰਹਾਟੀ ਤੋਂ ਵਿਧਾਇਕ ਮਿੱਤਰਾ ਦੀ ਭਵਾਨੀਪੁਰ ਇਲਾਕੇ ’ਚ ਸਥਿਤ ਰਿਹਾਇਸ਼ ਦੀ ਤਲਾਸ਼ੀ ਵੀ ਲਈ। ਮਿੱਤਰਾ ਦੀ ਰਿਹਾਇਸ਼ ਚੇਤਲਾ ’ਚ ਸਥਿਤ ਹਕੀਮ ਦੀ ਰਿਹਾਇਸ਼ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਹੈ।

ਅਧਿਕਾਰੀ ਨੇ ਦਾਅਵਾ ਕੀਤਾ, ‘‘ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਮਰਹਾਟੀ ਨਗਰ ਕੌਂਸਲ ਵਿੱਚ ਹੋਈਆਂ ਭਰਤੀਆਂ ’ਚ ਮਿੱਤਰਾ ਨੇ ਅਹਿਮ ਭੂਮਿਕਾ ਨਿਭਾਈ ਸੀ।’’ ਉਨ੍ਹਾਂ ਦੱਸਿਆ ਕਿ ਜਨਿ੍ਹਾਂ ਹੋਰ ਥਾਵਾਂ ’ਤੇ ਸੀਬੀਆਈ ਨੇ ਛਾਪੇ ਮਾਰੇ ਹਨ ਉਨ੍ਹਾਂ ਵਿੱਚ ਕਾਂਚਰਾਪਾੜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਦਾਮਾ ਰੌਏ, ਹਲੀਸਹਿਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੰਗਸ਼ੁਮਨ ਰੌਏ ਅਤੇ ਕ੍ਰਿਸ਼ਨਾਨਗਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਸ਼ਿਮ ਘੋਸ਼ ਦੀਆਂ ਰਿਹਾਇਸ਼ਾਂ ਵੀ ਸ਼ਾਮਲ ਹਨ।

ਉੱਧਰ, ਇਸ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਟੀਐੱਮਸੀ ਦੇ ਸੰਸਦ ਮੈਂਬਰ ਸੁਗਾਤਾ ਰੌਏ ਨੇ ਕਿਹਾ ਕਿ ਇਹ ਕੇਂਦਰੀ ਫੰਡਾਂ ਦੀ ਮੰਗ ਨੂੰ ਲੈ ਕੇ ਰਾਜਭਵਨ ਦੇ ਬਾਹਰ ਜਾਰੀ ਪਾਰਟੀ ਦੇ ਪ੍ਰਦਰਸ਼ਨ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਬਦਲੇ ਦੀ ਰਾਜਨੀਤੀ ਦੀ ਪ੍ਰਤੱਖ ਉਦਾਹਰਨ ਹੈ।