ਬੰਗਾਲ: ਪੁਲੀਸ ਨੇ ਅਧੀਰ ਰੰਜਨ ਚੌਧਰੀ ਨੂੰ ਸੰਦੇਸ਼ਖਲੀ ਜਾਣੋਂ ਰੋਕਿਆ

ਬੰਗਾਲ: ਪੁਲੀਸ ਨੇ ਅਧੀਰ ਰੰਜਨ ਚੌਧਰੀ ਨੂੰ ਸੰਦੇਸ਼ਖਲੀ ਜਾਣੋਂ ਰੋਕਿਆ

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਮਮਤਾ ਸਰਕਾਰ ’ਤੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ
ਕੋਲਕਾਤਾ- ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਚੌਧਰੀ ਦੇ ਅਗਵਾਈ ਹੇਠ ਅੱਜ ਸੰਦੇਸ਼ਖਲੀ ਜਾ ਰਹੇ ਪਾਰਟੀ ਦੇ ਇੱਕ ਵਫ਼ਦ ਨੂੰ ਪੁਲੀਸ ਨੇ ਮਨਾਹੀ ਦੇ ਹੁਕਮਾਂ ਦੇ ਹਵਾਲਾ ਦਿੰਦਿਆਂ ਕਥਿਤ ਤੌਰ ’ਤੇ ਉਥੋਂ ਜਾਣੋਂ ਰੋਕ ਦਿੱਤਾ। ਸੰਦੇਸ਼ਖਲੀ ’ਚ ਪਿੰਡ ਦੇ ਲੋਕ ਪੱਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਵੱਲੋਂ ਕਥਿਤ ਤੌਰ ’ਤੇ ਜਬਰ ਕੀਤੇ ਜਾਣ ਖ਼ਿਲਾਫ਼ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

ਚੌਧਰੀ ਕਾਂਗਰਸੀ ਵਰਕਰਾਂ ਨਾਲ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਸੰਦੇਸ਼ਖਲੀ ਜਾ ਰਹੇ ਸਨ ਜਿਨ੍ਹਾਂ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਪਹਿਲਾਂ ਸਰਬੇਰੀਆ ਅਤੇ ਫਿਰ ਪਿੰਡ ਰਾਮਪੁਰ ਵਿੱਚ ਰੋਕਿਆ ਗਿਆ। ਅਧਿਕਾਰੀਆਂ ਨੇ ਧਾਰਾ 144 ਤਹਿਤ ਲਾਗੂ ਪਾਬੰਦੀਆਂ ਦਾ ਹਵਾਲਾ ਦਿੰਦਿਆਂ ਕਾਂਗਰਸੀ ਵਫ਼ਦ ਨੂੰ ਸੰਦੇਸ਼ਖਲੀ ’ਚ ਦਾਖਲ ਹੋਣ ਦੀ ਆਗਿਆ ਨਾ ਦਿੱਤੀ। ਅਧੀਰ ਰੰਜਨ ਚੌਧਰੀ ਨੇੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਆਖਿਆ ਕਿ ਸਰਕਾਰ ਮੁੱਦੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਵਿਰੋਧੀ ਪਾਰਟੀਆਂ ਨੂੰ ਸੰਦੇਸ਼ਖਲੀ ਜਾਣੋਂ ਕਿਉਂ ਰੋਕਿਆ ਜਾ ਰਿਹਾ ਹੈ? ਸਰਕਾਰ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂ ਉਹ ਮਾਮਲੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਪਿੰਡ ਰਾਮਪੁਰ ਵਿੱਚ ਰੋਕੇ ਜਾਣ ਮਗਰੋਂ ਚੌਧਰੀ ਅਤੇ ਕਾਂਗਰਸੀ ਵਰਕਰ ਧਰਨੇ ’ਤੇ ਬੈਠ ਗਏ ਜਿਸ ਦੌਰਾਨ ਪੁਲੀਸ ਨਾ ਮਾਮੂਲੀ ਝੜਪ ਵੀ ਹੋਈ। ਕਾਂਗਰਸੀ ਨੇਤਾ ਨੇ ਕਥਿਤ ਤੌਰ ’ਤੇ ‘ਮੁੱਦੇ ਨੂੰ ਫਿਰਕੂ ਰੰਗਤ’ ਦੇਣ ਲਈ ਮਮਤਾ ਬੈਨਰਜੀ ਦੀ ਆਲੋਚਨਾ ਕੀਤੀ। ਉਨ੍ਹਾਂ ਆਖਿਆ, ‘‘ਸੰਦੇਸ਼ਖਲੀ ’ਚ ਹੋਈਆਂ ਘਟਨਾਵਾਂ ਨੂੰ ਸ਼ਰਮਨਾਕ ਮੰਨਣ ਦੀ ਬਜਾਏ ਮੁੱਖ ਮੰਤਰੀ ਵੱਲੋਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਪਹਿਲੂ ਪੇਸ਼ ਕਰ ਕੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਅਜਿਹੀ ਰਾਜਨੀਤੀ ਦੀ ਨਿਖੇਧੀ ਕਰਦੇ ਹਾਂ।’’

ਇਸੇ ਦੌਰਾਨ ਭਾਜਪਾ ਅਤੇ ਕੌਮੀ ਮਹਿਲਾ ਕਮਿਸ਼ਨ ਨੇ ਸੰਦੇਸ਼ਖਲੀ ’ਚ ਔਰਤਾਂ ਖ਼ਿਲਾਫ਼ ਅਪਰਾਧਾਂ ਵਿੱਚ ਟੀਐੱਮਸੀ ਅਤੇ ਸਰਕਾਰ ’ਤੇ ਕਥਿਤ ਮਿਲੀਭੁਗਤ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਦੋ ਕੇਂਦਰੀ ਮੰਤਰੀਆਂ ਦੀ ਸ਼ਮੂਲੀਅਤ ਵਾਲੇ ਭਾਜਪਾ ਦੇ ਵਫ਼ਦ ਨੂੰ ਵੀ ਸੰਦੇਸ਼ਖਲੀ ਜਾਣੋਂ ਰੋਕਿਆ ਗਿਆ।

ਦੂਜੇ ਪਾਸੇ ਸੰਦੇਸ਼ਖਲੀ ’ਚ ਅੱਜ ਅੱਠਵੇਂ ਦਿਨ ਵੀ ਪ੍ਰਦਰਸ਼ਨ ਜਾਰੀ ਰਿਹਾ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ, ਜਿਨ੍ਹਾਂ ਵੱਲੋਂ ਤ੍ਰਿਣਮੂਲ ਕਾਂਗਰਸ ਨੇਤਾ ਸ਼ਾਹਜਹਾਂ ਸ਼ੇਖ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।