ਬੰਗਾਲ ਦੀ ਖਾੜੀ ਉੱਤੇ ਬਣਿਆ ਡੂੰਘੇ ਦਬਾਅ ਦਾ ਖੇਤਰ ਚੱਕਰਵਾਤੀ ਤੂਫ਼ਾਨ ’ਚ ਤਬਦੀਲ

ਬੰਗਾਲ ਦੀ ਖਾੜੀ ਉੱਤੇ ਬਣਿਆ ਡੂੰਘੇ ਦਬਾਅ ਦਾ ਖੇਤਰ ਚੱਕਰਵਾਤੀ ਤੂਫ਼ਾਨ ’ਚ ਤਬਦੀਲ

ਭੁਬਨੇਸ਼ਵਰ/ਕੋਲਕਾਤਾ- ਬੰਗਾਲ ਦੀ ਖਾੜੀ ਉੱਪਰ ਬਣਿਆ ਡੂੰਘੇ ਦਬਾਅ ਦਾ ਖੇਤਰ ਅੱਜ ਸ਼ਾਮ ਨੂੰ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋ ਗਿਆ ਹੈ। ਇਸ ਦਾ ਹਾਲਾਂਕਿ ਭਾਰਤੀ ਤੱਟ ’ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਸ ਚੱਕਰਵਾਤੀ ਤੂਫਾਨ ਨੂੰ ‘ਹਾਮੂਨ’ ਨਾਂ ਨਾਲ ਜਾਣਿਆ ਜਾਵੇਗਾ ਜੋ ਇਰਾਨ ਨੇ ਦਿੱਤਾ ਹੈ।

ਆਈਐੱਮਡੀ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਉੱਪਰ ਬਣਿਆ ਡੂੰਘੇ ਦਬਾਅ ਵਾਲਾ ਖੇਤਰ ਪਿਛਲੇ ਛੇ ਘੰਟਿਆਂ ਦੌਰਾਨ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਵੱਲ ਵਧਿਆ ਤੇ ਚੱਕਰਵਾਤੀ ਤੂਫਾਨ ’ਚ ਤਬਦੀਲ ਹੋ ਗਿਆ। ਵਿਭਾਗ ਨੇ ਦੱਸਿਆ ਕਿ ਅਗਲੇ 12 ਘੰਟਿਆਂ ਦੌਰਾਨ ਉੱਤਰ-ਪੱਛਮੀ ਬੰਗਾਲ ਦੀ ਖਾੜੀ ਉੱਪਰ ਇਸ ਦੇ ਇੱਕ ਤੇਜ਼ ਰਫ਼ਤਾਰ ਚੱਕਰਵਾਤੀ ਤੂਫਾਨ ’ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਇਸੇ ਵਿਚਾਲੇ ਉੜੀਸਾ ਸਰਕਾਰ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। –