ਬ੍ਰਿਟਿਸ਼ ਰਾਜ ਵੇਲੇ ਦੇ 55 ਕਾਨੂੰਨ ਖ਼ਤਮ ਕਰਾਂਗੇ: ਮੇਘਵਾਲ

ਬ੍ਰਿਟਿਸ਼ ਰਾਜ ਵੇਲੇ ਦੇ 55 ਕਾਨੂੰਨ ਖ਼ਤਮ ਕਰਾਂਗੇ: ਮੇਘਵਾਲ

ਫ਼ਿਰੋਜ਼ਪੁਰ- ਕੇਂਦਰੀ ਮੰਤਰੀ (ਕਾਨੂੰਨ ਤੇ ਨਿਆਂ) ਅਰਜੁਨ ਰਾਮ ਮੇਘਵਾਲ ਨੇ ਅੱਜ ਫ਼ਿਰੋਜ਼ਪੁਰ ’ਚ ਸਥਿਤ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛਾਉਣੀ ਹਲਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਛਾਉਣੀ ਬੋਰਡ ਵਿੱਚ ਚੱਲ ਰਹੇ ਸੰਨ 1836 ਦੇ ਕਾਨੂੰਨ ਸਮੇਤ 55 ਅਪ੍ਰਸੰਗਿਕ ਕਾਨੂੰਨਾਂ ਨੂੰ ਛੇਤੀ ਹੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਅਜਿਹੇ 148 ਕਾਨੂੰਨ ਖ਼ਤਮ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਹੁਣ ਜ਼ਰੂਰਤ ਨਹੀਂ ਹੈ।

ਇਸ ਤੋਂ ਪਹਿਲਾਂ ਮੇਘਵਾਲ ਨੇ ਹੁਸੈਨੀਵਾਲਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇੱਥੇ ਅਜਾਇਬ ਘਰ ਲਈ ਪੰਜ ਕਰੋੜ ਰੁਪਏ ਦੇਣ ਦਾ ਭਰੋਸਾ ਦਿੱਤਾ। ਸ਼ਹਿਰ ਦੇ ਤੂੜੀ ਬਾਜ਼ਾਰ ਵਿਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਜੁੜੀ ਇੱਕ ਇਮਾਰਤ ਬਾਰੇ ਉਨ੍ਹਾਂ ਕਿਹਾ ਕਿ ਇਹ ਇਮਾਰਤ ਸੁਰੱਖਿਅਤ ਵਿਰਾਸਤ ਐਲਾਨਣ ਦੇ ਯੋਗ ਹੈ।

ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਤਕਰੇ ਵਾਲੀ ਨੀਤੀ ’ਤੇ ਕੰਮ ਨਹੀਂ ਕਰਦੀ ਪਰ ਹੋਰ ਫੰਡ ਤਾਂ ਹੀ ਜਾਰੀ ਕੀਤੇ ਜਾ ਸਕਦੇ ਹਨ ਜੇ ਪੰਜਾਬ ਸਰਕਾਰ ਉਸ ਦੀ ਸਹੀ ਵਰਤੋਂ ਕਰ ਕੇ ਸਰਟੀਫ਼ਿਕੇਟ ਸਮੇਂ ਸਿਰ ਮੁਹੱਈਆ ਕਰਵਾਏ। ਉਨ੍ਹਾਂ ਭਾਜਪਾ ਦੇ ਸੌ ਸਾਲਾ ਗੁੱਡ ਗਵਰਨੈਂਸ ਪ੍ਰੋਗਰਾਮ ਵਿਚ ਫ਼ਿਰੋਜ਼ਪੁਰ ਨੂੰ ਸ਼ਾਮਲ ਕੀਤੇ ਜਾਣ ਬਾਰੇ ਦੱਸਿਆ ਕਿ ਫ਼ਿਰੋਜ਼ਪੁਰ ਇਸ ਵਿਚ ਮੋਹਰੀ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਨ 1925 ਵਿਚ ਨਹਿਰ ਦੀ ਉਸਾਰੀ ਹੈ, ਜੋ ਇਲਾਕੇ ਦੇ ਕਿਸਾਨਾਂ ਦੀ ਖੁਸ਼ਹਾਲੀ ਦੀ ਨਿਸ਼ਾਨੀ ਹੈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਇੱਕ ਵਫ਼ਦ ਵੀ ਕਾਨੂੰਨ ਮੰਤਰੀ ਨੂੰ ਮਿਲਿਆ।