ਬ੍ਰਿਜ ਭੂਸ਼ਨ ਖ਼ਿਲਾਫ਼ ਦੋਸ਼ ਪੱਤਰ ਦਾ ਨੋਟਿਸ ਲੈਣ ਬਾਰੇ ਫ਼ੈਸਲਾ 7 ਨੂੰ

ਬ੍ਰਿਜ ਭੂਸ਼ਨ ਖ਼ਿਲਾਫ਼ ਦੋਸ਼ ਪੱਤਰ ਦਾ ਨੋਟਿਸ ਲੈਣ ਬਾਰੇ ਫ਼ੈਸਲਾ 7 ਨੂੰ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਇਸ ਗੱਲ ਦਾ ਫ਼ੈਸਲਾ ਸੱਤ ਜੁਲਾਈ ਨੂੰ ਕਰੇਗੀ ਕਿ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ’ਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਦਾਇਰ ਦੋਸ਼ ਪੱਤਰ ਦਾ ਨੋਟਿਸ ਲੈਣਾ ਹੈ ਜਾਂ ਨਹੀਂ। ਬ੍ਰਿਜ ਭੂਸ਼ਨ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਹੈ। ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਸ਼ਹਿਰੀ ਪੁਲੀਸ ਦੀ ਇਸ ਦਲੀਲ ’ਤੇ ਗੌਰ ਕੀਤਾ ਕਿ ਉਸ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੂਰਕ ਦੋਸ਼ ਪੱਤਰ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਅਦਾਲਤ ਨੇ ਇਸ ’ਤੇ ਫ਼ੈਸਲਾ ਅੱਜ ਸੁਣਾਉਣਾ ਸੀ। ਜੱਜ ਨੇ ਕਿਹਾ, ‘ਕਿਉਂਕਿ ਐੱਫਐੱਸਐੱਫ ਰਿਪੋਰਟ ਤੇ ਸੀਡੀਆਰ (ਕਾਲ ਡਿਟੇਲ ਰਿਕਾਰਡ) ਰਿਪੋਰਟ ਦੀ ਉਡੀਕ ਹੈ ਅਤੇ ਇਸ ’ਚ ਸਮਾਂ ਲੱਗਣ ਦੀ ਸੰਭਾਵਨਾ ਹੈ। ਇਸ ਲਈ ਮਾਮਲੇ ਨੂੰ ਸੱਤ ਜੁਲਾਈ ਨੂੰ ਵਿਚਾਰ ਲਈ ਰੱਖਿਆ ਜਾਵੇ।’