ਬ੍ਰਿਜ ਭੂਸ਼ਣ ਦੀਆਂ ਹਰਕਤਾਂ ਬਾਰੇ ਮੋਦੀ ਨੂੰ ਕਰਵਾਇਆ ਸੀ ਜਾਣੂ

ਬ੍ਰਿਜ ਭੂਸ਼ਣ ਦੀਆਂ ਹਰਕਤਾਂ ਬਾਰੇ ਮੋਦੀ ਨੂੰ ਕਰਵਾਇਆ ਸੀ ਜਾਣੂ

ਓਲੰਪੀਅਨ ਪਹਿਲਵਾਨ ਨੇ ਐੱਫਆਈਆਰ ’ਚ ਕੀਤਾ ਦਾਅਵਾ
ਨਵੀਂ ਦਿੱਲੀ- ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ, ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦਿੱਲੀ ਪੁਲੀਸ ਕੋਲ ਦਰਜ ਕਰਵਾਈਆਂ ਦੋ ਐੱਫਆਈਆਰ ਵਿੱਚ ਜਿਨਸੀ ਛੇੜਛਾੜ ਤੇ ਜਿਨਸੀ ਸ਼ੋਸ਼ਣ ਬਾਰੇ ਕੀਤੇ ਅਹਿਮ ਖੁਲਾਸਿਆਂ ਦਰਮਿਆਨ ਓਲੰਪੀਅਨ ਪਹਿਲਵਾਨ ਨੇ ਇਕ ਐੱਫਆਈਆਰਜ਼ ’ਚ ਦਾਅਵਾ ਕੀਤਾ ਹੈ ਕਿ ਉਸ ਨੇ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੰੰਘ ਵੱਲੋਂ ਲਗਾਤਾਰ ਕੀਤੇ ਜਾ ਰਹੇ ਜਿਨਸੀ ਸ਼ੋਸ਼ਣ ਬਾਰੇ ਦੱਸਿਆ ਸੀ। ਇਨ੍ਹਾਂ ਐੱਫਆਈਆਰਜ਼ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਮਹਿੰਗੇ ਸਪਲੀਮੈਂਟਸ ਤੇ ਇਲਾਜ ਦੇ ਖਰਚੇ ਦੇ ਇਵਜ਼ ਵਿੱਚ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਸਬੰਧ ਬਣਾਉਣ ਲਈ ਆਖਦਾ ਸੀ, ਮੁਕਾਬਲਿਆਂ ਦੌਰਾਨ ਉਨ੍ਹਾਂ ਨੂੰ ਬੇਵਜ੍ਹਾ ਛੂੰਹਦਾ ਸੀ ਤੇ ਨਾਬਾਲਗ ਪਹਿਲਵਾਨ ਦਾ ਪਿੱਛਾ ਕਰਦਾ ਸੀ। ਪਹਿਲਵਾਨਾਂ ਨੇ ਐੱਫਆਈਆਰ ਵਿੱਚ ਦਾਅਵਾ ਕੀਤਾ ਹੈ ਕਿ ਇਹ ਸਾਰੀਆਂ ਘਟਨਾਵਾਂ ਸਾਲ 2012 ਤੋਂ ਬਾਅਦ ਦੇਸ਼ ਤੇ ਵਿਦੇਸ਼ ਵਿੱਚ ਖੇਡੇ ਮੁਕਾਬਲਿਆਂ ਤੇ ਨਵੀਂ ਦਿੱਲੀ ਵਿੱਚ ਸਿੰਘ ਦੇ ਦਫ਼ਤਰ ਦੀਆਂ ਹਨ। ਐੱਫਆਈਆਰ ਵਿੱਚ ਇਕ ਓਲੰਪੀਅਨ ਦੇ ਹਵਾਲੇ ਨਾਲ ਲਿਖਿਐ, ‘‘ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਜ਼ਮ ਵੱਲੋਂ ਆਪਣੇ ਨੇੜਲੇ ਸਾਥੀਆਂ ਦੀ ਮਿਲੀਭੁਗਤ ਨਾਲ ਮੇਰੇ ਤੇ ਹੋਰਨਾਂ ਮਹਿਲਾ ਪਹਿਲਵਾਨਾਂ ਨਾਲ ਲਗਾਤਾਰ ਕੀਤੇ ਜਾ ਰਹੇ ਜਿਨਸੀ, ਭਾਵਨਾਤਮਕ, ਮਨੋਵਿਗਿਆਨਕ ਤੇ ਸਰੀਰਕ ਸ਼ੋਸ਼ਣ ਬਾਰੇ ਦੱਸਿਆ ਸੀ। ਮਾਣਯੋਗ ਪ੍ਰਧਾਨ ਮੰਤਰੀ ਨੇ ਮੈਨੂੰ ਯਕੀਨ ਦਿਵਾਇਆ ਸੀ ਕਿ ਖੇਡ ਮੰਤਰਾਲਾ ਅਜਿਹੀਆਂ ਸ਼ਿਕਾਇਤਾਂ ਦਾ ਨੋਟਿਸ ਲੈ ਕੇ ਜਲਦੀ ਹੀ ਮੈਨੂੰ ਕਾਲ ਕਰੇਗਾ।’’ ਸ਼ਿਕਾਇਤਕਰਤਾ ਪਹਿਲਵਾਨਾਂ ’ਚੋਂ ਇਕ ਨੇ ਐੱਫਆਈਆਰ ਵਿੱਚ ਕਿਹਾ, ‘‘ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਦਿੱਤੇ ਮਾਨਸਿਕ ਸਦਮੇ ਕਰਕੇ ਉਸ ਦੇ ਮਨ ਵਿੱਚ ਖ਼ੁਦਕੁਸ਼ੀ ਦੇ ਖਿਆਲ ਆਉਣ ਲੱਗੇ ਸਨ।’’ ਬ੍ਰਿਜ ਭੂਸ਼ਣ ਹਾਲਾਂਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਸਿੰਘ ਨੇ ਲੰਘੇ ਦਿਨੀਂ ਦਾਅਵਾ ਕੀਤਾ ਸੀ ਕਿ ਜੇਕਰ ਇਕ ਵੀ ਦੋਸ਼ ਸਾਬਤ ਹੋ ਜਾਵੇ ਤਾਂ ਉਹ ਖੁ਼ਦ ਨੂੰ ਫਾਹੇ ਲੱਗ ਜਾਵੇਗਾ। ਐੱਫਆਈਆਰ’ਜ਼ ਤੋਂ ਹੋਏ ਖੁਲਾਸੇ ਮੁਤਾਬਕ ਮੁਲਜ਼ਮ ਬ੍ਰਿਜ ਭੂਸ਼ਣ ਨੇ ਇਕ ਮਹਿਲਾ ਪਹਿਲਵਾਨ ਨੂੰ ਕਿਹਾ ਸੀ ਕਿ ਫੈਡਰੇਸ਼ਨ ਉਸ ਦੇ ਇਲਾਜ ਦਾ ਖਰਚਾ ਚੁੱਕਣ ਲਈ ਤਿਆਰ ਹੈ ਬਸ਼ਰਤੇ ਉਹ ਉਸ ਦੀਆਂ ਜਿਨਸੀ ਨਜ਼ਦੀਕੀਆਂ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਨਾ ਕਰੇ। ਦੱਸ ਦੇਈਏ ਕਿ ਖੇਡਾਂ ਵਿਚ ਖਾਸ ਕਰਕੇ ਮਹਿਲਾ ਅਥਲੀਟਾਂ ਲਈ ਕਿਸੇ ਤਰ੍ਹਾਂ ‘ਕੋਡ ਆਫ਼ ਕੰਡਕਟ’ ਨਾ ਹੋਣ ਕਰਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਮਹਿਲਾ ਪਹਿਲਵਾਨਾਂ ਨੂੰ ਆਪਣੇ ਦਫ਼ਤਰ ਜਾਂ ਫਿਰ ਹੋਟਲ ਦੇ ਕਮਰੇ ਵਿੱਚ ਸੱਦਦਾ ਸੀ। ਇਕ ਮਹਿਲਾ ਪਹਿਲਵਾਨ ਨੇ ਦਿੱਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ, ‘‘ਉਹ (ਬ੍ਰਿਜ ਭੂਸ਼ਣ) ਕੁੜੀਆਂ ਨੂੰ ਰਾਤ ਸਮੇਂ ਆਪਣੇ ਕਮਰੇ ਵਿੱਚ ਇਕੱਲਿਆਂ ਆਉਣ ਲਈ ਕਹਿੰਦਾ ਸੀ, ਜੋ ਸਪਸ਼ਟ ਰੂਪ ’ਚ ਉਸ ਦੇ ਮਾੜੇ ਇਰਾਦਿਆਂ ਨੂੰ ਜ਼ਾਹਿਰ ਕਰਦਾ ਸੀ। ਕਿਉਂ ਜੋ ਮੁਲਜ਼ਮ ਹਮੇਸ਼ਾ ਉਨ੍ਹਾਂ ਦੀ ਭਾਲ ਵਿੱਚ ਰਹਿੰਦਾ ਸੀ, ਲਿਹਾਜ਼ਾ ਉਹ ਨਾਸ਼ਤੇ, ਦੁਪਹਿਰ ਜਾਂ ਫਿਰ ਰਾਤ ਦੇ ਖਾਣੇ ਲਈ ਇਕੱਲਿਆਂ ਦੀ ਥਾਂ ਸਮੂਹ ਵਿੱਚ ਜਾਂਦੀਆਂ ਸਨ।’’ ਮਹਿਲਾ ਪਹਿਲਵਾਨਾਂ ਨੇ ਐੱਫਆਈਆਰ ਵਿੱਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਹੋਰ ਵੀ ਕਈ ਘਟਨਾਵਾਂ ਦੀ ਤਫ਼ਸੀਲ ਸਾਂਝੀ ਕੀਤੀ ਹੈ।