ਬੋਰਵੈੱਲ ਵਿੱਚ ਢਿੱਗਾਂ ਡਿੱਗਣ ਕਾਰਨ ਇੰਜਨੀਅਰ ਦੱਬਿਆ

ਬੋਰਵੈੱਲ ਵਿੱਚ ਢਿੱਗਾਂ ਡਿੱਗਣ ਕਾਰਨ ਇੰਜਨੀਅਰ ਦੱਬਿਆ

ਕਰਤਾਰਪੁਰ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦੌਰਾਨ ਕਰਤਾਰਪੁਰ-ਕਪੂਰਥਲਾ ਸੜਕ ’ਤੇ ਪਿੰਡ ਬਸਰਾਮਪੁਰ ਨੇੜੇ ਪੁਲ ਦੀ ਉਸਾਰੀ ਲਈ ਖੂਹੀਆਂ ਬਣਾਉਣ ਦੌਰਾਨ ਢਿੱਗਾਂ ਡਿੱਗਣ ਕਾਰਨ ਕੰਪਨੀ ਦੀ ਬੋਰ ਕਰਨ ਵਾਲੀ ਮਸ਼ੀਨ ਤੇ ਉਸ ਦਾ ਚਾਲਕ ਮਿੱਟੀ ਹੇਠ ਦਬ ਗਏ। ਇਹ ਹਾਦਸਾ ਬੀਤੇ ਦਿਨ ਵਾਪਰਿਆ ਸੀ, ਜਦਕਿ ਕੰਪਨੀ ਦੇ ਮਾਹਿਰ ਹਾਲੇ ਵੀ ਨੌਂ ਵੱਡੀਆਂ ਮਸ਼ੀਨਾਂ ਦੀ ਮਦਦ ਨਾਲ ਥੱਲੇ ਦੱਬੇ ਚਾਲਕ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਨ।

ਇਸ ਆਪਰੇਸ਼ਨ ਦੀ ਨਿਗਰਾਨੀ ਲਈ ਜਲੰਧਰ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੂੰ ਲੋੜੀਦੇ ਇੰਤਜ਼ਾਮ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਹਾਦਸੇ ਦਾ ਸ਼ਿਕਾਰ ਹੋਏ ਮਸ਼ੀਨ ਚਾਲਕ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ, ਜੋ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਇਥੇ ਪਹੁੰਚ ਗਏ ਹਨ। ਇਸ ਹਾਦਸੇ ਵਿੱਚ ਫਸੇ ਦੂਸਰੇ ਵਿਅਕਤੀ ਪਵਨ ਨੂੰ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਤਕਨੀਕੀ ਕਰਮਚਾਰੀ ਬਚਾਅ ਸਬੰਧੀ ਯੰਤਰਾਂ ਨਾਲ ਲੈਸ ਹੋ ਕੇ ਬੋਰ ਵਿੱਚ ਹੇਠਾਂ ਗਏ ਸਨ। ਪਰ ਬੋਰ ਦੀ ਸਫਾਈ ਦੌਰਾਨ ਸੁਰੇਸ਼ ਲਗਪਗ 20 ਮੀਟਰ ਹੇਠਾਂ ਫਸ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਮੌਕੇ ’ਤੇ ਐੱਨਡੀਆਰਐਫ ਦੀ ਟੀਮ ਨੂੰ ਰਾਹਤ ਕਾਰਜਾਂ ਲਈ ਭੇਜ ਦਿੱਤਾ ਸੀ। ਸਿਹਤ ਵਿਭਾਗ ਵੱਲੋਂ ਐਂਬੂਲੈਂਸ ਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਦੇਰ ਸ਼ਾਮ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਸਮੁੱਚੇ ਬਚਾਅ ਕਾਰਜਾਂ ਦੀ ਨਿਗਰਾਨੀ ਏਡੀਸੀ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।