ਬੋਪੰਨਾ ਨੇ ਜਿੱਤ ਨਾਲ ਡੇਵਿਸ ਕੱਪ ਨੂੰ ਕਿਹਾ ਅਲਵਿਦਾ

ਬੋਪੰਨਾ ਨੇ ਜਿੱਤ ਨਾਲ ਡੇਵਿਸ ਕੱਪ ਨੂੰ ਕਿਹਾ ਅਲਵਿਦਾ

ਲਖਨਊ- ਰੋਹਨ ਬੋਪੰਨਾ ਨੇ ਯੁਕੀ ਭਾਂਬਰੀ ਨਾਲ ਅੱਜ ਇੱਥੇ ਪੁਰਸ਼ ਡਬਲਜ਼ ਵਿੱਚ ਸਿੱਧੇ ਸੈੱਟਾਂ ’ਚ ਬੜੀ ਆਸਾਨੀ ਨਾਲ ਜਿੱਤ ਦਰਜ ਕਰਕੇ ਡੇਵਿਸ ਕੱਪ ਵਿੱਚ ਆਪਣੇ ਕਰੀਅਰ ਦੀ ਸ਼ਾਨਦਾਰ ਆਖ਼ਰੀ ਪਾਰੀ ਖੇਡੀ, ਜਦਕਿ ਸੁਮਿਤ ਨਾਗਲ ਨੇ ਆਪਣਾ ਰਿਵਰਸ ਸਿੰਗਲਜ਼ ਮੈਚ ਵੀ ਜਿੱਤਿਆ, ਜਿਸ ਵਿੱਚ ਭਾਰਤ ਨੇ ਮੋਰੱਕੋ ਨੂੰ ਵਿਸ਼ਵ ਗਰੁੱਪ ਦੋ ਦੇ ਮੁਕਾਬਲੇ ਵਿੱਚ 3-1 ਨਾਲ ਹਰਾਇਆ। ਡੇਵਿਸ ਕੱਪ ਵਿੱਚ ਆਪਣਾ 33ਵਾਂ ਅਤੇ ਆਖ਼ਰੀ ਮੁਕਾਬਲਾ ਖੇਡ ਰਹੇ 43 ਸਾਲਾ ਬੋਪੰਨਾ ਅਤੇ ਭਾਂਬਰੀ ਨੇ ਮੋਰੱਕੋ ਦੇ ਇਲੀਅਟ ਬੇਨਚੇਟਰਿਕ ਅਤੇ ਯੂਨਸ ਲਾਲਾਮੀ ਲਾਰੌਸੀ ਨੂੰ ਇੱਕ ਘੰਟਾ 11 ਮਿੰਟ ਤੱਕ ਚੱਲੇ ਮੈਚ ਵਿੱਚ 6-2, 6-1 ਨਾਲ ਹਰਾਇਆ। ਸੁਮਿਤ ਨਾਗਲ ਨੇ ਪਹਿਲੇ ਰਿਵਰਸ ਸਿੰਗਲਜ਼ ਵਿੱਚ ਯਾਸੀਨ ਦਲੀਮੀ ਨੂੰ 6-3, 6-3 ਨਾਲ ਹਰਾਇਆ। ਇਸ ਜਿੱਤ ਸਦਕਾ ਭਾਰਤ ਅਗਲੇ ਸਾਲ ਹੋਣ ਵਾਲੇ ਵਿਸ਼ਵ ਗਰੁੱਪ ਇੱਕ ਦੇ ਪਲੇਅ-ਆਫ ਵਿੱਚ ਪਹੁੰਚ ਗਿਆ ਹੈ। ਬੋਪੰਨਾ ਨੇ ਡੇਵਿਸ ਕੱਪ ਦੇ ਆਪਣੇ ਆਖ਼ਰੀ ਮੈਚ ਦੌਰਾਨ ਭਾਵੁਕ ਹੁੰਦਿਆਂ ਕੋਰਟ ’ਤੇ ਹੀ ਭਾਰਤੀ ਟੀਮ ਦੀ ਆਪਣੀ ਸ਼ਰਟ ਉਤਾਰ ਦਿੱਤੀ। ਉਸ ਨੇ ਆਪਣੇ ਕਰੀਅਰ ਵਿੱਚ 33 ਮੈਚ ਖੇਡੇ, ਜਿਨ੍ਹਾਂ ਵਿੱਚੋਂ 23 ਮੈਚਾਂ ਵਿੱਚ ਜਿੱਤ ਦਰਜ ਕੀਤੀ। ਇਸ ਮੈਚ ਨੂੰ ਦੇਖਣ ਲਈ ਬੋਪੰਨਾ ਨੇ ਕਰੀਬ 50 ਰਿਸ਼ਤੇਦਾਰ ਅਤੇ ਦੋਸਤ ਵੀ ਆਏ ਹੋਏ ਸੀ। ਖਿਡਾਰੀ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਬੋਪੰਨਾ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਖਿਡਾਰੀ ਦੀ ਤਿਰੰਗਾ ਲਹਿਰਾਉਂਦਿਆਂ ਦੀ ਤਸਵੀਰ ਪ੍ਰਿੰਟ ਕੀਤੀਆਂ ਟੀ-ਸ਼ਰਟ ਪਹਿਨੀਆਂ ਹੋਈਆਂ ਸੀ।