ਬੋਤਾ ਲਿਆਈਂ ਉਹ ਮਿੱਤਰਾ…

ਬੋਤਾ ਲਿਆਈਂ ਉਹ ਮਿੱਤਰਾ…

ਜੱਗਾ ਸਿੰਘ ਆਦਮਕੇ ਸੱਭਿਅਚਾਰ ਦਾ ਦਾਇਰਾ ਕਿਸੇ ਇੱਕ ਪੱਖ ਨਾਲ ਸਬੰਧਤ ਨਾ ਹੋ ਕੇ, ਬਹੁਤ ਵਿਸ਼ਾਲ ਅਤੇ ਸਬੰਧਤ ਖਿੱਤੇ ਦੇ ਹਰ ਪੱਖ ਨੂੰ ਆਪਣੇ ਵਿੱਚ ਸਮੇਟਣ ਵਾਲਾ ਹੁੰਦਾ ਹੈ। ਅਜਿਹਾ ਕੁਝ ਹੀ ਪੰਜਾਬੀ ਸੱਭਿਆਚਾਰ ’ਤੇ ਵੀ ਲਾਗੂ ਹੁੰਦਾ ਹੈ। ਪੁਰਾਤਨ ਸਮੇਂ ਤੋਂ ਪਸ਼ੂ ਮਨੁੱਖ ਦੇ ਲਈ ਬਹੁਪੱਖੀ ਮਹੱਤਵ ਦੇ ਧਾਰਨੀ ਰਹੇ ਹਨ। ਅਜਿਹਾ ਹੋਣ ਕਾਰਨ ਇਨ੍ਹਾਂ ਦਾ ਸੱਭਿਆਚਾਰਕ ਪੱਖ ਤੋਂ ਮਹੱਤਵ ਹੋਣਾ ਲਾਜ਼ਮੀ ਹੈ। ਪਸ਼ੂ ਮਨੁੱਖ ਦੇ ਲਈ ਖਾਧ ਪਦਾਰਥਾਂ, ਆਵਾਜਾਈ, ਵਸਤੂਆਂ ਦੀ ਢੋਆ ਢੁਆਈ ਅਤੇ ਖੇਤੀਬਾੜੀ ਲਈ ਸਾਧਨ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਅੰਗ ਖੇਤੀਬਾੜੀ ਲਈ ਊਠਾਂ, ਬਲਦਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਹੋਰਨਾਂ ਪਸ਼ੂਆਂ ਦੇ ਨਾਲ ਨਾਲ ਊਠ ਦਾ ਪੰਜਾਬੀ ਜਨ ਜੀਵਨ ਵਿੱਚ ਖਾਸ ਮਹੱਤਵ ਰਿਹਾ ਹੈ। ਊਠ ਰੇਗਿਸਤਾਨ ਵਿੱਚ ਰਹਿਣ ਦੇ ਅਨੁਕੂਲ ਪਸ਼ੂ ਹੈ। ਇਸ ਦੇ ਗੱਦੇਦਾਰ ਪੈਰ, ਕਈ ਦਿਨ ਪਾਣੀ ਅਤੇ ਖੁਰਾਕ ਤੋਂ ਬਿਨਾਂ ਜਿਉਂਦੇ ਰਹਿਣ ਦੇ ਗੁਣ ਕਾਰਨ ਇਹ ਪਸ਼ੂ ਮਾਰੂਥਲ ਵਿੱਚ ਪਾਇਆ ਜਾਂਦਾ ਹੈੈ। ਜਿੱਥੇ ਊਠ ਸਮੁੱਚੇ ਪੰਜਾਬੀ ਸੱਭਿਅਚਾਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ, ਉੱਥੇ ਪੰਜਾਬ ਦਾ ਇੱਕ ਮਹੱਤਵਪੂਰਨ ਖਿੱਤਾ ਮਾਲਵਾ ਕਦੇ ਰੇਤਲਾ ਖੇਤਰ ਸੀ, ਅਜਿਹੇ ਕਰਕੇ ਊਠ ਇਸ ਖਿੱਤੇ ਵਿੱਚ ਢੋਆ ਢੁਆਈ, ਆਵਾਜਾਈ ਅਤੇ ਖੇਤੀਬਾੜੀ ਲਈ ਰੀੜ੍ਹ ਦੀ ਹੱਡੀ ਸੀ। ਮਾਲਵੇ ਵਿੱਚ ਊਠ ਨੂੰ ਬੋਤਾ ਕਿਹਾ ਜਾਂਦਾ ਹੈ। ਮਾਲਵੇ ਦੀਆਂ ਲੋਕ ਬੋਲੀਆਂ, ਟੱਪਿਆਂ ਅਤੇ ਦੂਸਰੇ ਲੋਕ ਕਾਵਿ ਰੂਪਾਂ ਵਿੱਚ ਬੋਤੇ ਦਾ ਵੱਡੇ ਪੱਧਰ ’ਤੇ ਵੱਖ ਵੱਖ ਰੂਪਾਂ ਵਿੱਚ ਜ਼ਿਕਰ ਮਿਲਦਾ ਹੈ। ਕਿਸੇ ਆਪਣੇ ਨੂੰ ਆਉਣ ਦਾ ਸੱਦਾ ਅਤੇ ਬੋਤੇ ਨੂੰ ਦਰਵਾਜ਼ੇ ਬੰਨ੍ਹਣ ਦੀ ਗੱਲ ਕਰਦਿਆਂ ਉਸ ਦੇ ਬੋਤੇ ਨੂੰ ਚਾਰਾ ਪਾਉਣ ਲਈ ਲੋਕ ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ: ਆ ਵੇ ਨਾਜ਼ਰਾ, ਬਹਿ ਵੇ ਨਾਜ਼ਰਾ, ਬੋਤਾ ਬੰਨ੍ਹ ਦਰਵਾਜ਼ੇ, ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ, ਤੈਨੂੰ ਦੋ ਪ੍ਰਸ਼ਾਦੇ, ਗਿੱੱਧੇ ਵਿੱਚ ਨੱਚਦੀ ਦੀ, ਧਮਕ ਪੈਂਦੀ ਦਰਵਾਜ਼ੇ, ਗਿੱਧੇ ਵਿੱਚ…। ਬੋਤਾ ਆਵਾਜਾਈ ਦਾ ਪ੍ਰਮੁੱਖ ਸਾਧਨ ਸੀ ਅਤੇ ਆਧੁਨਿਕ ਸਾਧਨਾਂ ਦੀ ਅਣਹੋਂਦ ਸਮੇਂ ਲੋਕਾਂ ਨੂੰ ਇੱਕ ਤੋਂ ਦੂਸਰੀ ਥਾਂ ਪਹੁੰਚਾਉਂਦਾ ਸੀ। ਲੋਕ ਇਸ ਦੇ ਸਫ਼ਰ ਦਾ ਪੂਰਾ ਲੁਤਫ਼ ਉਠਾਉਂਦੇ ਸਨ, ਪਰ ਬੋਤੇ ਦਾ ਕੱਦ ਉੱਚਾ ਹੋਣ ਅਤੇ ਉਸ ਦੇ ਹਿਚਕੋਲੇ ਖਾ ਕੇ ਚੱਲਣ ਕਾਰਨ ਕਿਸੇ ਲਈ ਇਸ ਦਾ ਸਫ਼ਰ ਅਣਸੁਖਾਵਾਂ ਵੀ ਹੋ ਜਾਂਦਾ। ਅਜਿਹਾ ਹੋਣ ਕਾਰਨ ਸਬੰਧਤ ਬੋਤੇ ਨੂੰ ਹੌਲੀ ਤੋਰਨ ਲਈ ਕੁਝ ਇਸ ਤਰ੍ਹਾਂ ਕਹਿੰਦੀ ਹੈ: ਬੋਤਾ ਹੌਲੀ ਤੋਰ ਮਿੱਤਰਾ ਮੇਰਾ ਨਰਮ ਕਾਲਜਾ ਧੜਕੇ। ਬੋਤਾ ਤੁਰਨ ਸਮੇਂ ਸਿੱਧਾ ਤੁਰਨ ਦੀ ਬਜਾਏ ਕੁਝ ਝੂਲ ਕੇ ਚੱਲਦਾ ਹੈ। ਅਜਿਹਾ ਹੋਣ ਕਾਰਨ ਸਫ਼ਰ ਕਰਨ ਵਾਲੀ ਦੇ ਕੰਨਾਂ ਵਿੱਚ ਪਾਏ ਗਹਿਣਿਆਂ ਦੇ ਕਾਰਨ ਕੰਨ ਦੁਖਣ ਅਤੇ ਇਸ ਦੇ ਹਿਚਕੋਲਿਆਂ ਨਾਲ ਘਬਰਾਹਟ ਹੋਣ ਕਾਰਨ ਬੋਤੇ ਨੂੰ ਹੌਲੀ ਤੋਰਨ ਲਈ ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ: * ਬੋਤਾ ਹੌਲੀ ਹੌਲੀ ਤੋਰ ਮੇਰੀਆਂ ਦੁਖਣ ਕੰਨਾਂ ਦੀਆਂ ਬਾਲੀਆਂ ਮੇਰੇ ਦਿਲ ਵਿੱਚ ਪੈਂਦੇ ਹੌਲ * ਰੜਕੇ ਰੜਕੇ ਰੜਕੇ ਬੋਤਾ ਹੌਲੀ ਤੋਰ ਮਿੱਤਰਾ ਮੇਰਾ ਨਰਮ ਕਾਲਜਾ ਧੜਕੇ। ਬੋਤੇ ਦੇ ਝੂਲ ਕੇ ਤੁਰਨ ਦੀ ਆਦਤ ਕਾਰਨ ਮੁਟਿਆਰ ਬੋਤੇ ਉੱਪਰ ਸਵਾਰੀ ਕਰਨ ਦੇ ਸ਼ੌਕ ਦੀ ਪੂਰਤੀ ਲਈ ਵੱਖਰਾ ਬੋਤਾ ਲਿਆਉਣ ਲਈ ਖਵਾਹਿਸ਼ ਕੁਝ ਇਸ ਤਰ੍ਹਾਂ ਪ੍ਰਗਟ ਕਰਦੀ ਹੈ, ਜਿਹੜਾ ਬਿਲਕੁਲ ਸਿੱਧਾ ਤੁਰੇ: * ਬੋਤਾ ਲਿਆਈਂ ਉਹ ਮਿੱਤਰਾ ਜਿਹੜਾ ਡੰਡੀਆਂ ਹਿੱਲਣ ਨਾ ਦੇਵੇ * ਆਹ ਫੜ ਡੰਡੀਆਂ, ਪਾ ਲਾ ਮਿੱਤਰਾ ਜੇਬੇ ਬੋਤੇ ਉੱਤੇ ਕੰਨ ਦੁਖਦੇ। ਭੈਣ ਕੋਲ ਜਾਣ ਲਈ ਵੀ ਬੋਤਾ ਵੀਰ ਦਾ ਪ੍ਰਮੁੱਖ ਸਰੋਤ ਸੀ। ਆਪਣੇ ਕੋਲ ਬੋਤੇ ’ਤੇ ਸਵਾਰ ਹੋ ਕੇ ਆਏ ਵੀਰ ਨੂੰ ਭੈਣ ਆਪਣੇ ਬੋਤੇ ਨੂੰ ਬੰਨ੍ਹਣ ਲਈ ਰੰਗੀਨ ਕਿੱਲੇ ਗੱਡਣ ਅਤੇ ਉਨ੍ਹਾਂ ’ਤੇ ਬੋਤੇ ਨੂੰ ਬੰਨ੍ਹਣ ਲਈ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ: * ਗੱਡੀਆਂ ਰੰਗੀਨ ਮੁੰਨੀਆਂ ਬੋਤਾ ਬੰਨ੍ਹ ਦੇ ਸਰਬਣਾ ਵੀਰਾ * ਬੋਤਾ ਬੰਨ੍ਹ ਲੈ ਸਰਬਣਾ ਵੀਰਾ ਕਿੱਲੀਆਂ ਰੰਗੀਨ ਗੱਡੀਆਂ। ਵੀਰ ਦੇ ਬੋਤੇ ਨਾਲ ਲਗਾਅ, ਮੋਹ, ਮਾਣ ਹੋਣਾ ਲਾਜ਼ਮੀ ਹੈ। ਅਜਿਹਾ ਹੋਣ ਕਾਰਨ ਭੈਣ ਨੂੰ ਵੀਰ ਦਾ ਬੋਤਾ ਕਾਲੀਆਂ ਘਟਾਵਾਂ ਵਿੱਚ ਬਗਲੇ ਵਾਂਗ ਪ੍ਰਤੀਤ ਹੋਣ ਦਾ ਵੇਰਵਾ ਲੋਕ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ: ਜਿਉਂ ਕਾਲੀਆਂ ਘਟਾਵਾਂ ਵਿੱਚ ਬਗਲਾ ਬੋਤਾ ਮੇਰੇ ਵੀਰ ਦਾ। ਕਦੇ ਬੋਤਾ ਆਵਾਜਾਈ ਦਾ ਮਹੱਤਵਪੂਰਨ ਸਾਧਨ ਸੀ, ਪਰ ਅਜਿਹੇ ਸਮੇਂ ਕਿਸੇ ਆਪਣੇ ਵੱਲੋਂ ਸ਼ਿੰਗਾਰਿਆ ਝਾਂਜਰਾਂ ਵਾਲਾ ਬੋਤਾ ਛੱਡ ਕੇ ਰੇਲ ਚੜ੍ਹਨ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ: ਬੋਤਾ ਛੱਡ ਕੇ ਝਾਂਜਰਾਂ ਵਾਲਾ ਰਾਮ ਕੁਰ ਰੇਲ ਚੜ੍ਹ ਗੀ ਪੰਜਾਬੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ, ਪਾਲਣ ਅਤੇ ਵਪਾਰ ਲਈ ਅਕਸਰ ਰਾਜਸਥਾਨ ਦੀਆਂ ਪਸ਼ੂ ਮੰਡੀਆਂ ਤੋਂ ਬੋਤਿਆਂ ਨੂੰ ਖ਼ਰੀਦ ਕੇ ਲਿਆਉਂਦੇ ਸਨ। ਇਨ੍ਹਾਂ ਵਿੱਚ ਛੋਟੀ ਉਮਰ ਦੇ ਬੋਤੇ ਵੀ ਹੁੰਦੇ ਸਨ ਜਿਨ੍ਹਾਂ ਨੂੰ ਬਤਾਰੂ ਕਿਹਾ ਜਾਂਦਾ ਸੀ। ਇਨ੍ਹਾਂ ਮੰਡੀਆਂ ਵਿੱਚ ਸਭ ਤੋਂ ਪ੍ਰਸਿੱਧ ਪੁਸ਼ਕਰ ਹੈ, ਪ੍ਰੰਤੂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਸ਼ੂ ਮੰਡੀਆਂ ਲੱਗਦੀਆਂ ਹਨ, ਜਿਹੜੀਆਂ ਕਦੇ ਪੰਜਾਬੀਆਂ ਲਈ ਕਾਫ਼ੀ ਹਰਮਨਪਿਆਰੀਆਂ ਸਨ। ਬੀਕਾਨੇਰ ਦੇ ਨੇੜੇ ਤੇੜੇ ਇੱਕ ਵਿਸ਼ੇਸ਼ ਨਸਲ ਦੇ ਊਠ/ਬੋਤੇ ਮਿਲਦੇ ਹਨ। ਅਜਿਹਾ ਹੋਣ ਕਾਰਨ ਪੰਜਾਬੀ ਉੱਥੋਂ ਬੋਤੇ ਖ਼ਰੀਦ ਕੇ ਲਿਆਉਂਦੇ ਸਨ। ਬੀਕਾਨੇਰ ਤੋਂ ਬੋਤੇ ਖ਼ਰੀਦ ਕੇ ਲਿਆਉਣ ਦਾ ਜ਼ਿਕਰ ਬਹੁਤ ਸਾਰੀਆਂ ਪੰਜਾਬੀ ਬੋਲੀਆਂ, ਟੱਪਿਆਂ, ਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ : ਸੋਹਣੇ ਮੇਰੇ ਬਾਬਲ ਨੇ, ਬੋਤਾ ਬੀਕਾਨੇਰ ਤੋਂ ਲਿਆਂਦਾ। ਹਵਾ ਨੂੰ ਗੰਢਾਂ ਮਾਰਦਾ, ਉਹ ਅੱਗੇ ਰੇਲ ਤੋਂ ਜਾਂਦਾ। ਉਸ ਬੋਤੇ ਦਾ ਤੰਦਰੁਸਤ, ਸੋਹਲੇਪਣ ਵਰਗੇ ਗੁਣਾਂ ਨਾਲ ਭਰਪੂਰ ਹੋਣ ਸਬੰਧੀ ਵੀ ਭੈਣ ਨੂੰ ਮਾਣ ਹੋਣਾ ਲਾਜ਼ਮੀ ਹੈ। ਅਜਿਹਾ ਹੋਣ ਕਾਰਨ ਉਸ ਨੂੰ ਵੀਰ ਦੇ ਬੋਤੇ ਦੀ ਤੇਜ਼ ਰਫ਼ਤਾਰ ਕਾਰਨ ਧੂੜ ਹੀ ਉੱਡਦੀ ਕੁਝ ਇਸ ਤਰ੍ਹਾਂ ਵਿਖਾਈ ਦਿੰਦੀ ਹੈ: ਬੋਤਾ ਵੀਰ ਦਾ ਨਜ਼ਰ ਨਾ ਆਵੇ ਉੱਡਦੀ ਧੂੜ ਦਿਸੇ ਊਠਾਂ /ਬੋਤਿਆਂ ਵਿੱਚ ਆਪਣੇ ਮਾਲਕ ਜਾਂ ਕਿਸੇ ਦੂਸਰੇ ਵੱਲੋਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਕਾਰਨ ਜਾਂ ਫਿਰ ਉਂਝ ਹੀ ਕਿਸੇ ਪ੍ਰਤੀ ਖੋਰ ਰੱਖਣ ਦੀ ਆਦਤ ਵੀ ਹੁੰਦੀ ਹੈ। ਕਈ ਬੋਤੇ ਦੁਲੱਤਾ ਮਾਰਨ ਦੇ ਨਾਲ ਨਾਲ ਚੱਭਾ ਮਾਰਨ ਤੋਂ ਵੀ ਬਾਝ ਨਹੀਂ ਸੀ ਆਉਂਦੇ। ਕਿਸੇ ਬੋਤੇ ਦੇ ਅਜਿਹੇ ਪੱਖ ਕਾਰਨ ਜਿੱਥੇ ਕਿਸੇ ਆਪਣੇ ਦੇ ਬੋਤੇ ਵਿੱਚ ਅਨੇਕਾਂ ਗੁਣ ਵਿਖਾਈ ਦਿੰਦੇ ਹਨ, ਉੱਥੇ ਕਿਸੇ ਨੂੰ ਕਿਸੇ ਦੇ ਬੋਤੇ ਵਿੱਚ ਚੱਭਾ ਮਾਰਨ ਦੀ ਸਮੱਸਿਆ ਦਾ ਸਾਹਮਣਾ ਵੀ ਕੁਝ ਇਸ ਤਰ੍ਹਾਂ ਕਰਨਾ ਪੈਂਦਾ: * ਟੁੱਟ ਪੈਣੇ ਦਾ ਬਾਗੜੀ ਬੋਤਾ ਚੜ੍ਹਦੀ ਨੂੰ ਵੱਢੇ ਦੰਦੀਆਂ। * ਟੁੱਟ ਪੈਣੇ ਦਾ ਕਲੱਛਣਾ ਬੋਤਾ ਚੜ੍ਹਦੀ ਦੇ ਵੱਢੇ ਦੰਦੀਆਂ। ਬੋਤੇ/ਊਠ ਦੇ ਨੱਕ ਵਿੱਚ ਪਾਈਆਂ ਲਾਟੀਆਂ ਵਿੱਚ ਸਣ ਆਦਿ ਤੋਂ ਬਣੀ ਮਹਾਰ ਪਾਈ ਜਾਂਦੀ, ਜਿਸ ਦੀ ਸਹਾਇਤਾ ਨਾਲ ਬੋਤੇ ਨੂੰ ਨਿਯੰਤਰਣ ਵਿੱਚ ਕੀਤਾ ਜਾਂਦਾ ਸੀ। ਕਿਸੇ ਦੀ ਆਪਣੇ ਬੋਤੇ ਨਾਲ ਕੁਝ ਜ਼ਿਆਦਾ ਸਾਂਝ ਹੋਣ ਕਾਰਨ ਕਿਸੇ ਵੱਲੋਂ ਆਪਣੇ ਕਿਸੇ ਅਜਿਹੇ ਬੋਤੇ ਦੀ ਮਹਾਰ ਬਣਨ ਦੀ ਇੱਛਾ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਵਿਅਕਤ ਕੀਤੀ ਮਿਲਦੀ ਹੈ : ਮੁੰਡਿਆ ਵੇ ਤਵੀਤਾਂ ਵਾਲਿਆ ਤੇਰੇ ਬੋਤੇ ਦੀ ਮਹਾਰ ਬਣ ਜਾਵਾਂ। ਬੋਤੇ/ਊਠ ਦੀ ਖੁਰਾਕ ਗੁਆਰਾ, ਕਿੱਕਰਾਂ ਦੇ ਲੁੰਗ ਜਾਂ ਦੂਸਰੇ ਰੁੱਖਾਂ ਦੇ ਪੱਤੇ, ਖੇਤਾਂ ਵਿੱਚ ਮਿਲਣ ਵਾਲੇ ਨਦੀਨ ਆਦਿ ਹਨ, ਪਰ ਫਿਰ ਵੀ ਕਿਸੇ ਭੈਣ ਦੁਆਰਾ ਆਪਣੇ ਵੀਰ ਦੇ ਬੋਤੇ ਲਈ ਅਮਰ ਵੇਲ ਪੁੱਟ ਕੇ ਲਿਆਉਣ ਦੀ ਕਲਪਨਾ ਟੱਪਿਆਂ, ਬੋਲੀਆਂ ਵਿੱਚ ਕੀਤੀ ਇਸ ਤਰ੍ਹਾਂ ਮਿਲਦੀ ਹੈ: * ਮੈਂ ਅਮਰ ਵੇਲ ਪੱਟ ਲਿਆਵਾਂ ਬੋਤੇ ਮੇਰੇ ਵੀਰ ਦੇ ਲਈ। * ਬੋਤਾ ਮੇਰੇ ਵੀਰ ਦਾ ਭੁੱਖਾ ਨੀਂ ਮੈਂ ਅਮਰ ਵੇਲ ਪੱਟ ਪਾਵਾਂ। ਭੈਣ ਨੂੰ ਆਪਣੇ ਵੀਰ ਦੇ ਬੋਤੇ ਵਿੱਚ ਅਨੇਕਾਂ ਗੁਣ ਵਿਖਾਈ ਦਿੰਦੇ ਹਨ। ਉਹ ਬੋਤੇ ਦੇ ਰੇਲ ਦੇ ਬਰਾਬਰ ਜਾਣ ਨੂੰ ਟੱਪਿਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਬਿਆਨਦੀ ਹੈ: ਰੇਲ ਦੇ ਬਰਾਬਰ ਜਾਵੇ ਬੋਤਾ ਮੇਰੇ ਵੀਰ ਦਾ ਭੈਣ ਵੱਲੋਂ ਆਪਣੇ ਕੋਲ ਆਏ ਵੀਰ ਦੀ ਚੰਗੀ ਸੇਵਾ ਕਰਨ ਦੇ ਨਾਲ ਨਾਲ ਉਸ ਦੇ ਸਫ਼ਰ ਦੇ ਸਾਥੀ ਬੋਤੇ ਲਈ ਉਸ ਦੀ ਖੁਰਾਕ ਗੁਆਰੇ ਦਾ ਪ੍ਰਬੰਧ ਕਰਨ ਦੀ ਗੱਲ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ: ਤੈਨੂੰ ਵੀਰਾ ਦੁੱਧ ਦਾ ਛੰਨਾ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ ਬੋਤਾ ਮਾਲਵੇ ਦੇ ਲੋਕਾਂ ਲਈ ਬਹੁ ਉਪਯੋਗੀ ਜਾਨਵਰ ਰਿਹਾ ਹੈ। ਇਹ ਸਵਾਰੀ ਕਰਨ, ਵਾਹੀ ਬਿਜਾਈ ਅਤੇ ਸਿੰਚਾਈ ਲਈ ਵਰਤੋਂ ਵਿੱਚ ਆਉਂਦਾ ਰਿਹਾ ਹੈ। ਇਸ ਦੇ ਨਾਲ ਨਾਲ ਇਸ ਦੀ ਵਰਤੋਂ ਖੂਹਾਂ ਦੇ ਹੋਂਦ ਵਿੱਚ ਆਉਣ ’ਤੇ ਖੂਹ ਚਲਾ ਕੇ ਸਿੰਚਾਈ ਲਈ ਵੀ ਹੁੰਦੀ ਸੀ। ਕੁਝ ਅਜਿਹਾ ਹੋਣ ਕਾਰਨ ਹੀ ਵਿਆਹ ਸਮੇਂ ਗਾਈਆਂ ਜਾਂਦੀਆਂ ਸਿੱਠਣੀਆਂ ਵਿੱਚ ਵਿਆਹ ਵਾਲੇ ਮੁੰਡੇ ਨੂੰ ਬੋਤਾ ਬਣਾ ਕੇ ਖੂਹ ’ਤੇ ਜੋੜਨ ਅਤੇ ਨਰਮਾ ਰਮਾਉਣ ਦੀ ਕਲਪਨਾ ਕੀਤੀ ਕੁਝ ਇਸ ਤਰ੍ਹਾਂ ਮਿਲਦੀ ਹੈ: ਚੁਟਕੀ ਵੇ ਮਾਰਾਂ ਜੀਜਾ ਰਾਖ ਦੀ ਹਾਂ ਵੇ ਬੋਤਾ ਲੈਂਦੀ ਵੇ ਬਣਾ ਬੰਨੇ ਵਾਲੇ ਖੂਹ ਜੋੜ ਕੇ ਤੈਥੋਂ ਨਰਮਾ ਲਵਾਂ ਵੇ ਵੇ, ਸੁਣਦਿਆ ਕੰਨ ਕਰੀਂ ਵੇ, ਰਮਾ। ਬੋਤਾ/ਊਠ ਜੰਞ, ਮੇਲੇ ਜਾਣ ਸਮੇਂ ਸਵਾਰੀ ਦਾ ਮੁੱਖ ਸਾਧਨ ਸੀ। ਮੇਲੇ ਜਾਣ ਸਮੇਂ ਖੁਦ ਨੂੰ ਸ਼ਿੰਗਾਰਨ ਦੇ ਨਾਲ ਨਾਲ ਸਵਾਰੀ ਵਾਲੇ ਬੋਤੇ ਨੂੰ ਵੀ ਪੂਰਾ ਹਾਰ ਸ਼ਿੰਗਾਰ ਲਗਾਇਆ ਜਾਂਦਾ। ਕੁਝ ਅਜਿਹਾ ਹੀ ਹੋਣ ਕਾਰਨ ਭੈਣ ਨੂੰ ਆਪਣੇ ਵੀਰ ਦੇ ਸੁਹੱਪਣ ਦੇ ਨਾਲ ਨਾਲ ਉਸ ਦੇ ਬਾਗੜੀ ਬੋਤੇ ਦੇ ਮੇਲੇ ਦਾ ਕੇਂਦਰ ਹੋਣ ਦਾ ਮਾਣ ਜਿਹਾ ਕੁਝ ਇਸ ਤਰ੍ਹਾਂ ਹੁੰਦਾ ਹੈ: ਮੇਰੇ ਵੀਰ ਦਾ ਬਾਗੜੀ ਬੋਤਾ ਮੇਲੇ ਵਿੱਚ ਫਿਰੇ ਬੁੱਕਦਾ ਬੋਤੇ ਸਵਾਰੀ ਦਾ ਮੁੱਖ ਸਰੋਤ ਹੋਣ ਕਾਰਨ ਬੋਤੇ ਦੀ ਸਵਾਰੀ ਦਾ ਆਨੰਦ ਮਾਨਣ ਦੀ ਖਵਾਹਿਸ਼ ਹੋਣਾ ਲਾਜ਼ਮੀ ਸੀ, ਪਰ ਕਿਸੇ ਲਈ ਬੋਤੇ ਦੀ ਅਸਵਾਰੀ ਕਿਸੇ ਲਈ ਕੁਝ ਇਸ ਤਰ੍ਹਾਂ ਨੁਕਸਾਨਦੇਹ ਵੀ ਸਾਬਤ ਹੁੰਦੀ: ਜੁੱਤੀ ਡਿੱਗ ਪਈ ਸਤਾਰਿਆਂ ਵਾਲੀ ਨਿੱਜ ਤੇਰੇ ਬੋਤੇ ’ਤੇ ਚੜ੍ਹੀ। ਭੈਣ ਨੂੰ ਵੀਰ ਦੇ ਬੋਤੇ ਦੀ ਦੇਖਭਾਲ ਦਾ ਸ਼ੌਕ ਹੋਣਾ ਲਾਜ਼ਮੀ ਹੈ, ਪਰ ਵੀਰ ਦੇ ਬੋਤੇ ਦੀ ਸੇਵਾ ਕਿਸੇ ਕਿਸੇ ਭੈਣ ਲਈ ਕੁਝ ਇਸ ਤਰ੍ਹਾਂ ਵੀ ਕਸ਼ਟਮਈ ਹੋ ਨਿੱਬੜਦੀ: ਪਾਣੀ ਪੀ ਗਿਆ ਵੀਰ ਦਾ ਬੋਤਾ ਕੱਢਦੀ ਮੈਂ ਥੱਕ ਗਈ। ਜਿੱਥੇ ਬੋਤੇ ਦੀ ਸਵਾਰੀ ਕਰਨੀ ਕਿਸੇ ਦੀ ਖਵਾਹਿਸ਼ ਹੋ ਸਕਦੀ ਹੈ, ਉੱਥੇੇ ਕਿਸੇ ਆਪਣੇ ਨੂੰ ਇਸ ਦੇ ਲਈ ਕੁਝ ਇਸ ਤਰ੍ਹਾਂ ਵੀ ਮਨਾਉਣ ਪੈਂਦਾ : ਮੰਨ ਲੈ ਭੌਰ ਦੀ ਆਖੀ ਚੜ੍ਹ ਜਾ ਬੋਤੇ ’ਤੇ। ਬੋਤਾ ਆਵਾਜਾਈ ਦਾ ਇੱਕ ਪ੍ਰਮੁੱਖ ਸਾਧਨ ਸੀ। ਜੰਞਾਂ, ਬਰਾਤਾਂ, ਮੇਲਿਆਂ ’ਤੇ ਜਾਣ ਦਾ ਸਾਧਨ ਊਠ/ਬੋਤਾ ਹੀ ਸੀ। ਊਠ/ਬੋਤੇ ਦੇ ਅਜਿਹੇ ਪੱਖ ਦਾ ਪ੍ਰਮਾਣ ਲੋਕ ਬੋਲੀਆਂ ਤੇ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ: ਮੂਹਰੇ ਰਥ ਭਾਬੋ ਦਾ ਪਿੱਛੇ ਇੰਦਰ ਵੀਰ ਦਾ ਬੋਤਾ। ਪੁਰਾਤਨ ਸਮਿਆਂ ਵਿੱਚ ਜੰਞਾਂ ਬੋਤਿਆਂ, ਘੋੜਿਆਂ ਆਦਿ ਜਾਨਵਰਾਂ ਰਾਹੀਂ ਜਾਂਦੀਆਂ ਸਨ। ਅਜਿਹਾ ਹੋਣ ਕਾਰਨ ਹੀ ਵਿਆਹ ਦੀਆਂ ਬੋਲੀਆਂ, ਗੀਤਾਂ, ਸਿੱਠਣੀਆਂ ਵਿੱਚ ਇਸ ਸਬੰਧੀ ਵੇਰਵਾ ਕੁਝ ਇਸ ਤਰ੍ਹਾਂ ਮਿਲਦਾ ਹੈ: ਹੋਰਨਾਂ ਦੇ ਜਾਨੀ ਲਿਆਏ ਬੋਤੇ ਲਾੜਾ ਲਿਆਇਆ ਟੱਟੂ ਨੀਂ ਜੈ ਵੱਢੀ ਦਾ ਵਿਹੜੇ ਦੀ ਜੜ ਪੱਟੂ ਨੀਂ ਜੈ ਵੱਢੀ ਦਾ… ਇਸ ਤਰ੍ਹਾਂ ਮਾਰੂਥਲਾਂ ਦੇ ਜਹਾਜ਼ ਦੇ ਰੂਪ ਵਿੱਚ ਪ੍ਰਸਿੱੱਧ ਊਠ/ਬੋਤਾ ਮਾਲਵੇ ਦੇ ਜਨ ਜੀਵਨ ਵਿੱਚ ਖਾਸ ਮਹੱਤਵ ਦਾ ਧਾਰਨੀ ਰਿਹਾ ਹੈ। ਅਜਿਹਾ ਹੋਣ ਕਾਰਨ ਇਸ ਦਾ ਮਾਲਵੇ ਦੇ ਲੋਕਗੀਤਾਂ, ਬੋਲੀਆਂ ਵਿੱਚ ਵਿਸ਼ਾਲ ਰੂਪ ਵਿੱਚ ਜ਼ਿਕਰ ਮਿਲਦਾ ਹੈ। ਹੁਣ ਮਾਲਵੇ ਵਿੱਚ ਪਹਿਲਾਂ ਦੀ ਤਰ੍ਹਾਂ ਰੇਤਲਾ ਖੇਤਰ ਨਹੀਂ ਰਿਹਾ। ਦੂਸਰੀ ਗੱਲ ਬੋਤੇ ਵਰਗੇ ਪਸ਼ੂਆਂ ਦੀ ਥਾਂ ਮਸ਼ੀਨਰੀ ਨੇ ਲੈ ਲਈ ਹੈ। ਆਧੁਨਿਕੀਕਰਨ ਦੇ ਦੌਰ ਵਿੱਚ ਹੌਲੀ ਹੌਲੀ ਬੋਤਾ ਜਨ ਜੀਵਨ ਵਿੱਚੋਂ ਮਨਫੀ ਹੁੰਦਾ ਗਿਆ। ਹੁਣ ਇਹ ਬੋਤਾ ਕਦੇ ਕਦਾਈ ਹੀ ਕਿਸੇ ਥਾਂ ਵਿਖਾਈ ਦਿੰਦਾ ਹੈ ਜਾਂ ਫਿਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ, ਬੁੱਤਾਂ ਵਿੱਚ ਚਿਤਰਿਆ ਮਿਲਦਾ ਹੈ।