ਬੈਡਮਿੰਟਨ: ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲ ਵਿੱਚ

ਬੈਡਮਿੰਟਨ: ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲ ਵਿੱਚ

ਕੈਲਗਰੀ: ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਆਪਣੀ ਵਿਰੋਧੀ ਟੀਮ ਨੂੰ ਪਛਾੜਦਿਆਂ ਇੱਥੇ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਦਾਖ਼ਲ ਹੋ ਗਏ। ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਸਿੰਧੂ ਨੇ ਸ਼ੁੱਕਰਵਾਰ ਰਾਤ ਸਮੇਂ ਖੇਡੇ ਗਏ ਮਹਿਲਾ ਸਿੰਗਲਜ਼ ਦੇ ਕੁਆਰਟਰਫਾਈਨਲ ਵਿੱਚ ਫੈਂਗ ਜੀ ਨੂੰ ਸੌਖਿਆਂ ਹੀ 21-13, 21-7 ਨਾਲ ਹਰਾਇਆ। ਇਹ ਇਸ ਖਿਡਾਰਨ ਖ਼ਿਲਾਫ਼ ਉਸ ਦੀ ਮੁਕਾਬਲਿਆਂ ਵਿੱਚ ਪਹਿਲੀ ਜਿੱਤ ਹੈ। ਦੂਜੇ ਪਾਸੇ ਸੇਨ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰਫਾਈਨਲ ਵਿੱਚ ਜਰਮਨ ਕੁਆਲੀਫਾਇਰ ਜੂਲੀਅਨ ਕੈਰਾਗਗੀ ਨੂੰ 21-8, 17-21, 21-10 ਨਾਲ ਹਰਾਇਆ। ਸਿੰਧੂ ਦਾ ਮੁਕਾਬਲਾ ਹੁਣ ਦੁਨੀਆ ਦੀ ਨੰਬਰ ਇੱਕ ਖਿਡਾਰਨ ਜਾਪਾਨ ਦੀ ਯਾਮਾਗੁਚੀ ਨਾਲ, ਜਦੋਂਕਿ ਸੇਨ ਦਾ ਮੁਕਾਬਲਾ ਜਾਪਾਨ ਦੇ ਹੀ ਕੇਂਟਾ ਨਿਸ਼ੀਮੋਤੋ ਨਾਲ ਹੋਵੇਗਾ।