ਬੈਡਮਿੰਟਨ: ਮਲੇਸ਼ੀਆ ਮਾਸਟਰਜ਼ ’ਚ ਮਾਲਵਿਕਾ ਤੇ ਅਸ਼ਮਿਤਾ ਵੱਲੋਂ ਜਿੱਤਾਂ ਦਰਜ

ਬੈਡਮਿੰਟਨ: ਮਲੇਸ਼ੀਆ ਮਾਸਟਰਜ਼ ’ਚ ਮਾਲਵਿਕਾ ਤੇ ਅਸ਼ਮਿਤਾ ਵੱਲੋਂ ਜਿੱਤਾਂ ਦਰਜ

ਕੁਆਲਾਲੰਪੁਰ: ਭਾਰਤੀ ਸ਼ਟਲਰ ਮਾਲਵਿਕਾ ਬੰਸੋੜ ਤੇ ਅਸ਼ਮਿਤਾ ਚਲੀਹਾ ਨੇ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਕੁਆਲੀਫਿਕੇਸ਼ਨ ਦੌਰ ’ਚ ਜਿੱਤਾਂ ਦਰਜ ਕਰਕੇ ਮਹਿਲਾ ਸਿੰਗਲਜ਼ ਦੇ ਮੁੱਖ ਗੇੜ ’ਚ ਆਪਣੀ ਥਾਂ ਬਣਾ ਲਈ ਹੈ। 42ਵਾਂ ਦਰਜਾ ਹਾਸਲ ਮਾਲਵਿਕਾ ਨੇ ਚੀਨੀ ਤਾਇਪੇ ਦੀ ਲਿਨ ਸਿਆਂਗ ਤੀ ਨੂੰ 21-12, 21-19 ਨਾਲ ਹਰਾਇਆ ਜਦਕਿ 53ਵਾਂ ਦਰਜਾ ਅਸ਼ਮਿਤਾ ਨੇ ਕੈਨੇਡਾ ਦੀ ਵੈਨ ਯੂ ਜ਼ਾਂਗ ਨੂੰ 10-21, 21-19, 21-17 ਨਾਲ ਮਾਤ ਦਿੱਤੀ। ਮਾਲਵਿਕਾ ਦਾ ਮੁਕਾਬਲਾ ਹੁਣ ਚੀਨੀ ਖ਼ਿਡਾਰਨ ਵਾਂਗ ਜ਼ੀ ਯੀ ਜਦਕਿ ਅਸ਼ਮਿਤਾ ਦਾ ਮੁਕਾਬਲਾ ਹਾਨ ਯੇ ਨਾਲ ਹੋਵੇਗਾ। ਦੂਜੇ ਪਾਸੇ ਪੁਰਸ਼ ਸਿੰਗਲਜ਼ ’ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਐੱਸ ਸ਼ੰਕਰ ਮੁੱਤੂਸਾਮੀ ਸੁਬਰਾਮਨੀਅਨ ਤਾਇਪੇ ਦੇ ਚੀ ਯੂ ਜੇਨ ਤੋਂ 10-21, 14-21 ਨਾਲ ਹਾਰ ਗਿਆ। ਉਹ ਸਾਥੀ ਭਾਰਤੀ ਖਿਡਾਰੀ ਪ੍ਰਿਯਾਂਸ਼ੂ ਰਜਾਵਤ ਵੱਲੋਂ ਆਪਣਾ ਨਾਂ ਵਾਪਸ ਲੈਣ ਮਗਰੋਂ ਕੁਆਲੀਫਿਕੇਸ਼ਨ ਗੇੜ ’ਚ ਪਹੁੰਚਿਆ ਸੀ। ਇਸੇ ਤਰ੍ਹਾਂ ਕੌਮੀ ਚੈਂਪੀਅਨ ਮਿਥੁਨ ਮੰਜੂਨਾਥ ਨੂੰ ਇੱਕ ਵੱਖਰੇ ਮੈਚ ਵਿੱਚ ਤਾਇਪੇ ਦੇ ਚੀਆ ਹਾਓ ਲੀ ਤੋਂ 13-19, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।