ਬੈਡਮਿੰਟਨ: ਪ੍ਰਣੌਏ ਨੇ ਡੈਨਮਾਰਕ ਓਪਨ ’ਚੋਂ ਨਾਮ ਵਾਪਸ ਲਿਆ

ਬੈਡਮਿੰਟਨ: ਪ੍ਰਣੌਏ ਨੇ ਡੈਨਮਾਰਕ ਓਪਨ ’ਚੋਂ ਨਾਮ ਵਾਪਸ ਲਿਆ

ਓਡੇਂਸੇ: ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਨੇ ਸੱਟ ਲੱਗਣ ਕਾਰਨ ਡੈਨਮਾਰਕ ਓਪਨ ਸੁਪਰ 750 ਟੂਰਨਾਮੈਂਟ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਇਸ 31 ਸਾਲਾ ਖਿਡਾਰੀ ਨੇ ਕਮਰ ਦੇ ਦਰਦ ਨਾਲ ਜੂਝਦਿਆਂ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਬੈਡਮਿੰਟਨ ਵਿੱਚ ਭਾਰਤ ਲਈ ਤਗ਼ਮੇ ਦੇ 41 ਸਾਲ ਦੇ ਸੋਕੇ ਨੂੰ ਖ਼ਤਮ ਕੀਤਾ ਸੀ। ਉਹ ਅਗਲੇ ਦੋ ਤੋਂ ਤਿੰਨ ਹਫ਼ਤੇ ਤੱਕ ਖੇਡ ਤੋਂ ਬਾਹਰ ਰਹੇਗਾ। ਪ੍ਰਣੌਏ ਨੇ ਕਿਹਾ, ‘‘ਮੈਂ ਇਸ ਮਹੀਨੇ ਕਿਸੇ ਟੂਰਨਾਮੈਂਟ ਵਿੱਚ ਭਾਗ ਨਹੀਂ ਲਵਾਂਗਾ। ਐੱਮਆਈਆਰ ਵਿੱਚ ਸੱਟ ਦੀ ਪੁਸ਼ਟੀ ਹੋਈ ਹੈ, ਇਸ ਲਈ ਮੈਨੂੰ ਦੋ-ਤਿੰਨ ਹਫ਼ਤੇ ਤੱਕ ਖੇਡ ਤੋਂ ਦੂਰ ਰਹਿਣਾ ਪਵੇਗਾ।’’ ਪ੍ਰਣੌਏ ਦੀ ਗ਼ੈਰਹਾਜ਼ਰੀ ਵਿੱਚ ਭਾਰਤ ਦੀ ਅਗਵਾਈ ਲਕਸ਼ੈ ਸੇਨ ਕਰੇਗਾ।