ਬੈਡਮਿੰਟਨ ਦਰਜਾਬੰਦੀ ਦੇ ਮਹਿਲਾ ਸਿੰਗਲਜ਼ ਿਵੱਚ ਸਿੰਧੂ 15ਵੇਂ ਸਥਾਨ ’ਤੇ ਖਿਸਕੀ

ਬੈਡਮਿੰਟਨ ਦਰਜਾਬੰਦੀ ਦੇ ਮਹਿਲਾ ਸਿੰਗਲਜ਼ ਿਵੱਚ ਸਿੰਧੂ 15ਵੇਂ ਸਥਾਨ ’ਤੇ ਖਿਸਕੀ

ਨਵੀਂ ਦਿੱਲੀ- ਪੀਵੀ ਸਿੰਧੂ ਮਹਿਲਾ ਸਿੰਗਲਜ਼ ਦੀ ਬੀਡਬਲਿਊਅੈੱਫ ਵਿਸ਼ਵ ਦਰਜਾਬੰਦੀ ਵਿੱਚ ਤਿੰਨ ਸਥਾਨ ਹੇਠਾਂ 15ਵੇਂ ਸਥਾਨ ’ਤੇ ਖਿਸਕ ਗਈ ਹੈ। 27 ਸਾਲਾ ਖਿਡਾਰਨ ਇਸ ਹਫ਼ਤੇ ਕੈਨੇਡਾ ਓਪਨ ਸੁਪਰ 500 ਟੂਰਨਾਮੈਂਟ ਵਿੱਚ ਖੇਡਦੀ ਨਜ਼ਰ ਆਵੇਗੀ। ਉਸ ਨੇ ਪੰਜ ਮਹੀਨੇ ਬਾਅਦ ਵਾਪਸੀ ਕੀਤੀ ਪਰ ਇਸ ਸੀਜ਼ਨ ’ਚ ਉਹ ਲੈਅ ਵਿੱਚ ਨਜ਼ਰ ਨਹੀਂ ਆਈ। ਮੈਡਰਿਡ ਸਪੇਨ ਮਾਸਟਰਜ਼ ਸੁਪਰ 300 ਟੂਰਨਾਮੈਂਟ ਦੇ ਫਾਈਨਲ ਅਤੇ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚਣ ਤੋਂ ਇਲਾਵਾ ਇਸ ਸੀਜ਼ਨ ਵਿੱਚ ਉਸ ਦੀ ਖੇਡ ਨਿਰਾਸ਼ਾਜਨਕ ਰਹੀ। ਪੁਰਸ਼ ਡਬਲਜ਼ ਵਿੱਚ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਤੀਜੇ ਸਥਾਨ ’ਤੇ ਕਾਇਮ ਹਨ। ਇਸੇ ਤਰ੍ਹਾਂ ਅੈੱਮਆਰ ਅਰਜੁਨ ਅਤੇ ਧਰੁਵ ਕਪਿਲਾ 26ਵੇਂ ਸਥਾਨ ਅਤੇ ਰੋਹਨ ਕਪੂਰ ਤੇ ਅੈੱਨ ਸਿੱਕੀ ਰੈਡੀ 33ਵੇਂ ਸਥਾਨ ’ਤੇ ਕਾਬਜ਼ ਹਨ। ਅੱਠਵੇਂ ਸਥਾਨ ’ਤੇ ਕਾਬਜ਼ ਅੈੱਚਅੈੱਸ ਪ੍ਰਣੌਏ ਪੁਰਸ਼ ਸਿੰਗਲਜ਼ ਵਿੱਚ ਸਰਬੋਤਮ ਰੈਂਕਿੰਗ ਵਾਲਾ ਭਾਰਤੀ ਖਿਡਾਰੀ ਹੈ ਜਦਕਿ ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਕ੍ਰਮਵਾਰ 19ਵੇਂ ਅਤੇ 20ਵੇਂ ਸਥਾਨ ’ਤੇ ਕਾਬਜ਼ ਹਨ। ਮਹਿਲਾ ਡਬਲਜ਼ ਵਿੱਚ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ 17ਵੇਂ ਸਥਾਨ ’ਤੇ ਖਿਸਕ ਗਈ ਹੈ।