ਬੈਡਮਿੰਟਨ: ਅਨਵੇਸ਼ਾ ਗੌੜਾ ਆਸਟਰੇਲਿਆਈ ਓਪਨ ਤੋਂ ਬਾਹਰ

ਬੈਡਮਿੰਟਨ: ਅਨਵੇਸ਼ਾ ਗੌੜਾ ਆਸਟਰੇਲਿਆਈ ਓਪਨ ਤੋਂ ਬਾਹਰ

ਸਿਡਨੀ: ਭਾਰਤ ਦੀ ਅਨਵੇਸ਼ਾ ਗੌੜਾ ਵੀਰਵਾਰ ਨੂੰ ਇੱਥੇ ਆਸਟਰੇਲਿਆਈ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂੁਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅਨਵੇਸ਼ਾ ਦੀ ਹਾਰ ਮਗਰੋਂ ਭਾਰਤ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਅਨਵੇਸ਼ਾ ਨੂੰ ਮਲੇਸ਼ੀਆ ਦੀ ਜਿਨ ਵੇਈ ਗੋਹ ਨੇ ਸਿੱਧੇ ਸੈੱਟ ਵਿੱਚ 21-7, 21-13 ਨਾਲ ਹਰਾਇਆ। ਦਿੱਲੀ ਦੀ 14 ਸਾਲ ਦੀ ਅਨਵੇਸ਼ਾ ਨੇ ਇਸ ਸਾਲ ਛੇ ਜੂਨੀਅਰ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਉਂਦਿਆਂ ਚਾਰ ਖਿਤਾਬ ਜਿੱਤੇ ਹਨ। ਇਸ ਸਾਲ ਇਬੇਰਡਰੋਲਾ ਸਪੈਨਿਸ਼ ਜੂਨੀਅਰ ਇੰਟਰਨੈਸ਼ਨਲ, ਫੇਰੋਏ ਗੇਮਜ਼ ਜੂਨੀਅਰ ਇੰਟਰਨੈਸ਼ਨਲ, ਐੱਫਜ਼ੈੱਡ ਫੋਰਜ਼ਾ ਸਟੌਕਹੋਮ ਜੂਨੀਅਰ ਅਤੇ ਅਮੋਤ ਇਜ਼ਰਾਇਲ ਜੂਨੀਅਰ ਦਾ ਖਿਤਾਬ ਜਿੱਤਣ ਵਾਲੀ ਅਨਵੇਸ਼ਾ ਬੁਲਗਾਰੀਆ ਅਤੇ ਡੈਨਮਾਰਕ ਵਿੱਚ ਵੀ ਜੂਨੀਅਰ ਕੌਮਾਂਤਰੀ ਮੁਕਾਬਲਿਆਂ ਵਿੱਚ ਪਹੁੰਚੀ। ਇਸ ਮਹੀਨੇ ਸੱਟ ਲੱਗਣ ਕਾਰਨ ਹਾਈਲੋਓਪਨ ਦੇ ਪਹਿਲੇ ਗੇੜ ਦਾ ਮੁਕਾਬਲਾ ਵਿਚਾਲੇ ਛੱਡਣ ਵਾਲੇ ਭਾਰਤ ਦੇ ਸਿਖਰਲੇ ਪੁਰਸ਼ ਖਿਡਾਰੀ ਸਮੀਰ ਵਰਮਾ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਸਿਮਰਨ ਸਿੰਧੀ ਅਤੇ ਰਿਤਿਕਾ ਠਾਕੁਰ ਦੀ ਜੋੜੀ ਵੀ ਮੁਕਾਬਲੇ ’ਚੋਂ ਬਾਹਰ ਹੋ ਗਈ ਹੈ, ਜਦਕਿ ਰੁਤਾਪਰਨਾ ਪਾਂਡਾ ਅਤੇ ਸਵੇਤਾਪਰਨਾ ਪਾਂਡਾ ਦੀ ਮਹਿਲਾ ਜੋੜੀ ਤਾਈਪੇ ਦੀ ਲੀ ਚੀਆ ਸਿਨ ਅਤੇ ਤੇਂਗ ਚੁਨ ਸੁਨ ਤੋਂ 16-21, 14-21 ਦੇ ਫ਼ਰਕ ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈਆਂ ਹਨ।