ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਰੋਕੀ

ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਰੋਕੀ

ਕਾਂਗਰਸ ਨੇ ਨਿਲਾਮੀ ਨੋਟਿਸ ਵਾਪਸ ਲੈਣ ’ਤੇ ਉਠਾਏ ਸਵਾਲ
ਮੁੰਬਈ- ਬੈਂਕ ਆਫ ਬੜੌਦਾ ਨੇ 56 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਬੰਗਲੇ ਦੀ ਨਿਲਾਮੀ ਫਿਲਹਾਲ ਰੋਕ ਦਿੱਤੀ ਹੈ। ਬੈਂਕ ਆਫ ਬੜੌਦਾ ਨੇ ਫਿਲਹਾਲ ਕਿਹਾ ਕਿ ਤਕਨੀਕੀ ਕਾਰਨਾਂ ਕਰ ਕੇ ਪ੍ਰਕਿਰਿਆ ਵਾਪਸ ਲੈ ਲਈ ਗਈ ਹੈ।

ਬੈਂਕ ਵੱਲੋਂ ਐਤਵਾਰ ਨੂੰ ਜਾਰੀ ਜਨਤਕ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਬੈਂਕ 25 ਸਤੰਬਰ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਸਥਿਤ ‘ਸੰਨੀ ਵਿਲਾ’ ਦੀ ਨਿਲਾਮੀ ਕੀਤੀ ਜਾਵੇਗੀ ਪਰ ਅੱਜ ਇਸੇ ਤਰ੍ਹਾਂ ਦਾ ਇਕ ਹੋਰ ਨੋਟਿਸ ਜਾਰੀ ਕਰ ਕੇ ਬੈਂਕ ਆਫ ਬੜੌਦਾ ਨੇ ਕਿਹਾ ਕਿ 20 ਅਗਸਤ ਨੂੰ ਈ-ਨਿਲਾਮੀ ਬਾਰੇ ਜਾਰੀ ਕੀਤਾ ਗਿਆ ਨੋਟਿਸ ਤਕਨੀਕੀ ਕਾਰਨਾਂ ਕਰ ਕੇ ਵਾਪਸ ਲੈ ਲਿਆ ਗਿਆ ਹੈ।

ਗੁਰਦਾਸਪੁਰ ਦੇ ਸੰਸਦ ਮੈਂਬਰ ਜਿਨ੍ਹਾਂ ਦੀ ਹਾਲ ਹੀ ਵਿੱਚ ਆਈ ਫਿਲਮ ‘ਗਦਰ 2’ ਬਾਕਸ ਆਫਿਸ ’ਤੇ ਹਿੱਟ ਹੋ ਚੁੱਕੇ ਅਤੇ 300 ਕਰੋੜ ਰੁਪਏ ਤੋਂ ਵੱਧ ਕਮਾ ਚੁੱਕੀ ਹੈ, ਨੇ ਦਸੰਬਰ 2022 ਤੋਂ ਵਿਆਜ ਤੇ ਦੰਡਾਤਮਕ ਰਾਸ਼ੀ ਸਣੇ 55.99 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਹੈ। ਐਤਵਾਰ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਬੈਂਕ ਨੇ ਸੰਨੀ ਦਿਓਲ ਦੀ ਇਹ ਸੰਪਤੀ ਕੁਰਕ ਕਰ ਲਈ ਹੈ ਅਤੇ ਬੰਗਲੇ ਦੀ ਈ-ਨਿਲਾਮੀ ਲਈ ਇਸ ਦੀ ਰਾਖਵੀਂ ਕੀਮਤ 51.43 ਕਰੋੜ ਰੁਪਏ ਰੱਖੀ ਗਈ ਹੈ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸੰਨੀ ਦਿਓਲ ਕੋਲ ਇਹ ਨਿਲਾਮੀ ਰੋਕਣ ਦਾ ੲਿਕ ਰਾਹ ਹੈ ਕਿ ਉਹ ਬੈਂਕ ਦੀ ਬਕਾਇਆ ਰਾਸ਼ੀ ਦੇ ਦੇਵੇ।

ਉੱਧਰ, ਕਾਂਗਰਸ ਨੇ ਬੈਂਕ ਆਫ ਬੜੌਦਾ ਵੱਲੋਂ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਵਾਪਸ ਲਏ ਜਾਣ ’ਤੇ ਸਵਾਲ ਉਠਾਏ ਹਨ। ਵਿਰੋਧੀ ਪਾਰਟੀ ਨੇ ਸਵਾਲ ਕੀਤਾ ਕਿ ‘ਤਕਨੀਕੀ ਕਾਰਨਾਂ’ ਦਾ ਹਵਾਲਾ ਦੇਣ ਲਈ ਬੈਂਕ ਨੂੰ ਕਿਸ ਨੇ ਪ੍ਰੇਰਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਲਿਖਿਆ, ‘‘ਕੱਲ੍ਹ ਦੁਪਹਿਰੇ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਬੰਗਲੇ ਦੀ ਈ-ਨਿਲਾਮੀ ਰੱਖੀ ਹੈ ਕਿਉਂਕਿ ਉਨ੍ਹਾਂ ਨੇ ਬੈਂਕ ਨੂੰ 56 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ। ਅੱਜ ਸਵੇਰੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਨੇ ਤਕਨੀਕੀ ਕਾਰਨਾਂ ਕਰ ਕੇ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਆਖਰ ਐਨੀ ਛੇਤੀ ਸਭ ਕੀ ਹੋ ਗਿਆ।’’

ਸੰਨੀ ਦਿਓਲ ਨੇ ਬਕਾਇਆ ਰਾਸ਼ੀ ਦਾ ਨਿਬੇੜਾ ਕਰਨ ਦੀ ਪੇਸ਼ਕਸ਼ ਕੀਤੀ: ਬੈਂਕ ਆਫ ਬੜੌਦਾ

ਮੁੰਬਈ: ਬੈਂਕ ਆਫ ਬੜੌਦਾ ਨੇ ਅੱਜ ਕਿਹਾ ਕਿ ਅਦਾਕਾਰ ਸੰਨੀ ਦਿਓਲ ਨੇ ਮੁੰਬਈ ਵਿੱਚ ਆਪਣੇ ਬੰਗਲੇ ਨਾਲ ਸਬੰਧਤ ਬਕਾਇਆ ਰਾਸ਼ੀ ਦਾ ਨਿਬੇੜਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਬੈਂਕ ਦਾ ਇਹ ਬਿਆਨ ਸੰਨੀ ਦਿਓਲ ਦੀ ਸੰਪਤੀ ਦੀ ਨਿਲਾਮੀ ਲਈ ਜਾਰੀ ਨੋਟਿਸ ਵਾਪਸੇ ਲਏ ਜਾਣ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ। ਬੈਂਕ ਨੇ ਕਿਹਾ, ‘‘ਕਰਜ਼ਾ ਲੈਣ ਵਾਲੇ ਨੇ 20 ਅਗਸਤ ਨੂੰ ਜਾਰੀ ਨਿਲਾਮੀ ਨੋਟਿਸ ਮੁਤਾਬਕ ਬਕਾਇਆ ਰਾਸ਼ੀ ਦਾ ਨਿਬੇੜਾ ਕਰਨ ਲਈ ਬੈਂਕ ਨਾਲ ਸੰਪਰਕ ਕੀਤਾ ਹੈ।’’