ਬੇ-ਏਰੀਆ ਸੀਨੀਅਰ ਖੇਡਾਂ ਦੇ ਡਾਈਰੈਕਟਰ ਐਨ ਕ੍ਰਿਬਸ ਨਾਲ ਕੈਲੀਫੋਰਨੀਆਂ ਦੇ ਪੰਜਾਬੀ ਐਥਲੀਟਾਂ ਨੇ ਕੀਤੀ ਮੀਟਿੰਗ

ਬੇ-ਏਰੀਆ ਸੀਨੀਅਰ ਖੇਡਾਂ ਦੇ ਡਾਈਰੈਕਟਰ ਐਨ ਕ੍ਰਿਬਸ ਨਾਲ ਕੈਲੀਫੋਰਨੀਆਂ ਦੇ ਪੰਜਾਬੀ ਐਥਲੀਟਾਂ ਨੇ ਕੀਤੀ ਮੀਟਿੰਗ

ਫਰਿਜਨੋ/ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਕੈਲੀਫੋਰਨੀਆਂ ਦੇ ਸੀਨੀਅਰ ਐਥਲੀਟਾਂ ਨੇ ਬੇ ਏਰੀਆ ਸੀਨੀਅਰ ਖੇਡਾਂ ਦੇ ਡਾਈਰੈਕਟਰ ਐਨ ਕ੍ਰਿਬਸ ਨਾਲ ਲੰਘੇ ਹਫ਼ਤੇ ਮੀਟਿੰਗ ਕੀਤੀ, ਇਹ ਮੀਟਿੰਗ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਦੇ ਯਤਨਾਂ ਨਾਲ ਸੰਭਵ ਹੋਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐਨ ਕ੍ਰਿਸਬ ਤੈਰਾਕੀ ਵਿੱਚ 1960 ਦੀ ਰੋਮ ਓਲੰਪੀਅਨ ਹੈ। ਇਸ ਮੀਟਿੰਗ ਮੌਕੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਜੇਤੂ ਦਰਸ਼ਨ ਸਿੰਘ ਸੰਧੂ ਬਾਸਕਟਬਾਲ ਕੋਚ ਯੂਨੀਵਰਸਿਟੀ ਪਟਿਆਲ ਵੀ ਮਜੂਦ ਰਹੇ, ਉਹਨਾਂ ਨੇ ਕਾਲਜ ਵਿੱਚ ਬਹੁਤ ਸਾਰੇ ਖਿਡਾਰੀਆਂ ਨੂੰ ਕੋਚ ਕੀਤਾ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡੇ।
ਕੁਲਵੰਤ ਸਿੰਘ ਲੰਬਰ ਪੰਜਾਬ ਪੁਲਿਸ ਦੇ ਸੇਵਾਮੁਕਤ ਅਫਸਰ ਅਤੇ ਪੰਜਾਬ ਪੁਲਿਸ ਅਤੇ ਭਾਰਤੀ ਰਾਸ਼ਟਰੀ ਟੀਮ ਦੇ ਮਹਾਨ ਬਾਸਕਟਬਾਲ ਖਿਡਾਰੀ ਹਨ ਵੀ ਇਸ ਮੌਕੇ ਮਜੂਦ ਰਹੇ। ਇਸ ਗੱਲਬਾਤ ਦਾ ਹਿੱਸਾ ਡਾ: ਸਤਿੰਦਰਪਾਲ ਸਿੰਘ ਸੰਘਾ ਪੀ.ਐੱਚ.ਡੀ. ਪੀ.ਏ.ਯੂ ਪਸ਼ੂ ਪਾਲਣ ਯੂਨੀਵਰਸਿਟੀ ਲੁਧਿਆਣਾ ਵੀ ਰਹੇ। ਉਹ ਡੀਨ ਵਜੋਂ ਸੇਵਾਮੁਕਤ ਹੋਏ ਹਨ ਜੋ ਵਰਤਮਾਨ ਵਿੱਚ ਅਮਰੀਕਾ ਦਾ ਦੌਰਾ ਕਰ ਰਹੇ ਹਨ। ਸਾਰੇ ਪਤਵੰਤੇ ਸੱਜਣਾਂ ਨਾਲ ਐਨ ਕ੍ਰਿਬਸ ਨੇ ਬਹੁਤ ਵਧੀਆ ਮਹੌਲ ਵਿੱਚ ਬਹੁਤ ਵਧੀਆ ਗੱਲਬਾਤ ਕੀਤੀ। ਐਨ ਕ੍ਰਿਸਬ ਚੰਗੀ ਐਥਲੀਟ ਹੋਣ ਦੇ ਨਾਲ ਨਾਲ ਇਨਸਾਨੀ ਗੁਣਾਂ ਨਾਲ ਭਰਪੂਰ ਜਿੰਦਾਦਿਲ ਖੇਡ ਡਾਈਰੈਕਟਰ ਹੈ, ਜਿਸਨੂੰ ਐਥਲੀਟ ਗੁਰਬਸ਼ ਸਿੰਘ 2016 ਤੋਂ ਜਾਣਦੇ ਹਨ।