ਬੇਅਦਬੀ ਕਾਂਡ-ਪੰਥਕ ਇਕੱਠ ਮਗਰੋਂ ਕੌਮੀ ਮਾਰਗ ’ਤੇ ਪੱਕਾ ਮੋਰਚਾ ਲਾਇਆ

ਬੇਅਦਬੀ ਕਾਂਡ-ਪੰਥਕ ਇਕੱਠ ਮਗਰੋਂ ਕੌਮੀ ਮਾਰਗ ’ਤੇ ਪੱਕਾ ਮੋਰਚਾ ਲਾਇਆ

ਸਿੱਖ ਆਗੂੁਆਂ ਵੱਲੋਂ ਸਰਕਾਰਾਂ ਦੀ ਆਲੋਚਨਾ; ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ
ਫਰੀਦਕੋਟ, ਜੈਤੋ, ਕੋਟਕਪੂਰਾ- ਬਹਿਬਲ ਕਲਾਂ ਵਿੱਚ ਚੱਲ ਰਹੇ ‘ਇਨਸਾਫ਼ ਮੋਰਚੇ’ ਵਾਲੀ ਥਾਂ ’ਤੇ ਅੱਜ ਹੋਏ ਪੰਥਕ ਇਕੱਠ ’ਚ ਪੁੱਜੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਵੱਲੋਂ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਗੋਲ਼ੀ ਕਾਂਡ ਲਈ ਨਿਆਂ ’ਚ ਹੋ ਰਹੀ ਦੇਰੀ ਲਈ ਸਮੇਂ ਦੀਆਂ ਸਰਕਾਰਾਂ ਦੀ ਕਰੜੀ ਆਲੋਚਨਾ ਕੀਤੀ ਗਈ।ਸ਼ਾਮ ਵੇਲੇ ਸੰਗਤ ਨੇ ਹਾਈਵੇਅ ਅਣਮਿਥੇ ਸਮੇਂ ਲਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ।

ਜਾਣਕਾਰੀ ਅਨੁਸਾਰ ਬਹਿਬਲ ਕਲਾਂ ਪਿੰਡ ਨੇੜਿਓਂ ਲੰਘਦੇ ਕੌਮੀ ਸ਼ਾਹ ਰਾਹ ’ਤੇ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਵਿੱਚ ਲੰਮੇ ਅਰਸੇ ਤੋਂ ‘ਇਨਸਾਫ਼ ਮੋਰਚਾ’ ਚੱਲ ਰਿਹਾ ਹੈ।

ਬੀਤੇ ਦਿਨੀਂ ਇੱਥੇ ਇਕੱਠ ’ਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡੇਢ ਮਹੀਨੇ ’ਚ ਨਿਆਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਬਹਿਬਲ ਮੋਰਚੇ ਦੀ ਅਗਵਾਈ ਕਰ ਰਹੇ ਅਤੇ ਬਹਿਬਲ ਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਰੋਸ ਪ੍ਰਗਟਾਇਆ ਕਿ ਸਰਕਾਰਾਂ ਵਾਰ-ਵਾਰ ਨਿਆਂ ਦੇਣ ਲਈ ਸਮਾਂ ਲੈਂਦੀਆਂ ਰਹੀਆਂ ਪਰ ਕੀਤਾ ਕੁਝ ਵੀ ਨਹੀਂ। ਨੌਜਵਾਨ ਆਗੂ ਲੱਖਾ ਸਿਧਾਣਾ ਨੇ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਇਨਸਾਫ਼ ਦੇਣ ਲਈ ਖੁਦ ਸਮਾਂ ਮਿੱਥ ਕੇ ਗਏ ਸਨ ਪਰ ਦੁੱਖ ਦੀ ਗੱਲ ਹੈ ਕਿ ਮਸਲਾ ਜਿਉਂ ਦਾ ਤਿਉਂ ਹੈ।

ਸਾਬਕਾ ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਨੇ ‘ਆਪ’ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਇਨਸਾਫ਼ ਦੇਣ ਦੇ ਵਾਅਦੇ ਨਾਲ ਸਰਕਾਰ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਤਿੰਦਰ ਸਿੰਘ ਥਿੰਦ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ, ਯੂਨਾਈਟਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਬਲਦੇਵ ਸਿੰਘ ਸਿਰਸਾ, ਨਰੈਣ ਸਿੰਘ ਚੌੜਾ ਅਤੇ ਬਾਬਾ ਬਖ਼ਸ਼ੀਸ਼ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਕਈ ਬੁਲਾਰਿਆਂ ਦਾ ਵਿਚਾਰ ਸੀ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ ਛੋਟੇ ਸਾਹਿਬਜ਼ਾਦਿਆਂ ਨਾਲ ਸਬੰਧਤ ਆਉਂਦੇ ਦਿਨਾਂ ’ਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਨੂੰ ਧਿਆਨ ’ਚ ਰੱਖ ਕੇ ਅਗਲਾ ਪ੍ਰੋਗਰਾਮ ਦਿੱਤਾ ਜਾਵੇ।

ਸੰਗਤ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਜੇ ਇਸ ਦੌਰਾਨ ਵੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਦਿੰਦੀ ਤਾਂ ਸੰਗਤ ਵੱਲੋਂ ਹਾਈਵੇਅ ’ਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਖ਼ਬਰ ਲਿਖ਼ੇ ਜਾਣ ਤੱਕ ਧਰਨੇ ਵਾਲੀ ਥਾਂ ’ਤੇ ਐਸਐਸਪੀ ਫ਼ਰੀਦਕੋਟ ਰਾਜਪਾਲ ਸਿੰਘ ਸੰਧੂ ਪਹੁੰਚ ਚੁੱਕੇ ਸਨ।

ਸੰਧਵਾਂ ਅਸਤੀਫਾ ਦੇਣ ਜਾਂ ਮੁਆਫ਼ੀ ਮੰਗਣ: ਖਹਿਰਾ

ਅੱਜ ਇੱਥੇ ਪਹੁੰਚੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਤੋਂ ਇੱਕ ਵੱਡੇ ਸਿਆਸੀ ਘਰਾਣੇ ਦੇ ਪਰਿਵਾਰਕ ਮੈਂਬਰਾਂ ਅਤੇ ਇਕ ਡੇਰੇ ਦੇ ਮੁਖੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਬੇਅਦਬੀ ਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮਕਸਦ ਨਾਲ ਸਤਾ ਵਿੱਚ ਆਈ ਸੀ ਪਰ ਸਰਕਾਰ ਬਨਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਮੁੱਦਾ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਗਲੇ ਇੱਕ ਮਹੀਨੇ ਵਿੱਚ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਮੁਕੰਮਲ ਨਹੀਂ ਕਰਦੀ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ 14 ਅਕਤੂਬਰ ਨੂੰ ਸਿੱਖ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਡੇਢ ਮਹੀਨੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ਼ ਦੇਵੇਗੀ ਪਰ ਇਸ ਦੇ ਬਾਵਜੂਦ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਕਾਨੂੰਨੀ ਕਾਰਵਾਈ ਵਿੱਚ ਕੋਈ ਪ੍ਰਗਤੀ ਨਹੀਂ ਹੋਈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਸਿੱਖ ਵਿਰੋਧੀ ਪਾਰਟੀ ਹੈ। ਉਨ੍ਹਾਂ ਆਪ ’ਤੇ ਟਿੱਪਣੀ ਕਰਦਿਆਂ ਆਖਿਆ ਸਿੱਖਾਂ ਲਈ ਇਹ ਭਾਜਪਾ ਤੋਂ ਜ਼ਿਆਦਾ ਖਤਰਨਾਕ ਹੈ।