ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ

ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ

ਦਿਲਜੀਤ ਸਿੰਘ ਬੇਦੀ

ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਜਥੇਦਾਰ ਦੀਵਾਨ ਦਰਬਾਰਾ ਸਿੰਘ ਦੇ ਅਕਾਲ ਚਲਾਣੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਗਰੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਦੇ ਵੀ ਇਸ ਜਹਾਨ ਤੋਂ ਕੂਚ ਕਰ ਜਾਣ ਤੋਂ ਬਾਅਦ ਸਮੁੱਚੇ ਪੰਥ ਵੱਲੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਸਰਬਸੰਮਤੀ ਨਾਲ ਪੰਥ ਦਾ ਜਥੇਦਾਰ ਪਰਵਾਨਿਆ ਗਿਆ।

ਬਾਬਾ ਨਵਾਬ ਕਪੂਰ ਸਿੰਘ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਉਹ 18ਵੀਂ ਸਦੀ ਦੇ ਉਨ੍ਹਾਂ ਸਿੱਖ ਸਰਦਾਰਾਂ ’ਚੋਂ ਸਨ, ਜਿਨ੍ਹਾਂ ਦਾ ਨਾਂ ਸਿੱਖ ਤਵਾਰੀਖ਼ ਵਿਚ ਸੁਨਹਿਰੀ ਅੱਖ਼ਰਾਂ ਵਿਚ ਚਮਕਦਾ ਹੈ। ਉਨ੍ਹਾਂ ਦਾ ਜਨਮ 1697 ਈ. ਵਿੱਚ ਦਲੀਪ ਸਿੰਘ ਦੇ ਘਰ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੋਕੇ (ਹੁਣ ਪਾਕਿਸਤਾਨ) ਵਿਚ ਹੋਇਆ। ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿਚ ਮਿਲੀ ਸੀ। ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪ੍ਰਭਾਵਤ ਹੋ ਕੇ ਉਹ ਸਿੰਘ ਸਜੇ। ਵੱਡੇ ਸਿੱਖ ਆਗੂਆਂ ਦੀ ਸ਼ਹਾਦਤ ਤੋਂ ਬਾਅਦ ਪੰਥ ਦੀ ਅਗਵਾਈ ਕਰਦਿਆਂ ਉਨ੍ਹਾਂ ਸਿੱਖ ਕੌਮ ਦੀ ਬੁਲੰਦੀ ਲਈ ਵੱਡਮਲਾ ਯੋਗਦਾਨ ਪਾਇਆ।

ਜ਼ਕਰੀਆ ਖ਼ਾਂ ਦੇ ਸਮੇਂ ਸਿੱਖਾਂ ’ਤੇ ਸਖ਼ਤੀ ਦਾ ਦੌਰ ਸਿਖਰ ’ਤੇ ਸੀ। ਉਨ੍ਹਾਂ ਦੇ ਸਿਰਾਂ ’ਤੇ ਇਨਾਮ ਵੀ ਰੱਖੇ ਗਏ। ਸਿੱਖਾਂ ਦੀ ਸੂਹ ਦੇਣ ਵਾਲੇ ਅਤੇ ਸਿੱਖਾਂ ਨੂੰ ਮਾਰ ਕੇ ਸਿਰ ਪੇਸ਼ ਕਰਨ ਵਾਲੇ ਨੂੰ ਇਨਾਮ ਦਿਤਾ ਜਾਂਦਾ ਸੀ ਪਰ ਇਸ ਸਖ਼ਤੀ ਦੇ ਬਾਵਜੂਦ ਸਿੱਖਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਜ਼ਾਲਮਾਂ ਨਾਲ ਟੱਕਰ ਲੈਂਦੇ ਰਹੇ। ਸਿੱਖਾਂ ਦੀ ਅਣਖ ਅਤੇ ਦਲੇਰੀ ਤੋਂ ਜ਼ਕਰੀਆ ਖ਼ਾਂ ਕਾਫੀ ਦੁਖੀ ਸੀ। ਉਸ ਵੱਲੋਂ ਸਿੱਖਾਂ ਨੂੰ ਸਮੇਂ-ਸਮੇਂ ਕਈ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ। ਇਸ ਸਬੰਧੀ ਭਾਵੇਂ ਸਾਰੇ ਇੱਕ ਮਤ ਨਹੀਂ ਵੀ ਸਨ ਪਰ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦਾ ਰਵੱਈਆ ਨਰਮ ਹੋ ਗਿਆ। ਇਸ ਪਿੱਛੋਂ ਸਿੱਖ ਅੰਮ੍ਰਿਤਸਰ ਆ ਕੇ ਵਸ ਗਏ। ਸਿੱਖਾਂ ਦੀ ਆਬਾਦੀ ਵਧਣ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਆਉਣ ਲੱਗੀਆਂ, ਜਿਸ ’ਤੇ ਨਵਾਬ ਕਪੂਰ ਸਿੰਘ ਨੇ ਪੰਥ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ। 40 ਵਰ੍ਹਿਆਂ ਤੋਂ ਵੱਧ ਉਮਰ ਵਾਲੇ ‘ਬੁੱਢਾ ਦਲ’’ ਵਿਚ ਸ਼ਾਮਲ ਹੋ ਗਏ ਅਤੇ ਇਸ ਤੋਂ ਘੱਟ ਉਮਰ ਵਾਲਿਆਂ ਦਾ ਜਥਾ ਤਰਨਾ ਦਲ ਅਖਵਾਇਆ। ਨਵਾਬ ਕਪੂਰ ਸਿੰਘ ਇਨ੍ਹਾਂ ਦੋਹਾਂ ਦਲਾਂ ਦੇ ਜਥੇਦਾਰ ਰਹੇ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿੱਚ ਹੀ ਰਹਿ ਪਿਆ। ਇਸ ਦੌਰਾਨ ਸੂਬੇਦਾਰ ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਸਮਝੌਤਾ ਤੋੜ ਲਿਆ ਅਤੇ ਸਿੱਖਾਂ ’ਤੇ ਫਿਰ ਜ਼ੁਲਮ ਅਤੇ ਅਤਿਆਚਾਰ ਦਾ ਦੌਰ ਆਰੰਭ ਹੋ ਗਿਆ। ਇਸ ਮੁਸ਼ਕਲਾਂ ਭਰੇ ਸਮੇਂ ਵਿੱਚ ਬੁੱਢਾ ਦਲ ਦਾ ਅੰਮ੍ਰਿਤਸਰ ਰਹਿਣਾ ਸੌਖਾ ਨਾ ਰਿਹਾ।

1748 ਈ. ਵਿੱਚ ਦਲ ਖ਼ਾਲਸਾ ਬਣਿਆ ਅਤੇ ਮਿਸਲਾਂ ਦੀ ਸਥਾਪਨਾ ਹੋਈ। ਜੁਝਾਰੂ, ਸੇਵਾ, ਸਿਮਰਨ, ਤਿਆਗ ਅਤੇ ਪਰਉਪਕਾਰ ਦੇ ਮੁਜੱਸਮੇ ਨਵਾਬ ਕਪੂਰ ਸਿੰਘ ਨੇ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਜਥੇਦਾਰੀ ਸੁਘੜ ਸਿਆਣੇ ਜਥੇਦਾਰ ਵਜੋਂ ਸੰਭਾਲੀ। ਮਿਸਲਾਂ ਵਿੱਚ ਇੱਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ, ਜਿਸ ਨੂੰ ‘ਫ਼ੈਜ਼ਲਪੁਰੀਆ’ ਜਾਂ ‘ਸਿੰਘ ਪੁਰੀਆ’ ਮਿਸਲ ਕਿਹਾ ਜਾਂਦਾ ਹੈ। ਨਵਾਬ ਕਪੂਰ ਸਿੰਘ ਦੀ ਵਡੇਰੀ ਉਮਰ ਅਤੇ ਆਦਰਸ਼ਕ ਸ਼ਖ਼ਸੀਅਤ ਕਾਰਨ ਸਿੱਖ ਪੰਥ ਉਨ੍ਹਾਂ ਦਾ ਸਤਿਕਾਰ ਕਰਦਾ ਸੀ। ਇੰਜ ਉਨ੍ਹਾਂ ਨੇ ਸਿੱਖ ਪੰਥ ਦੀ ਲੰਮਾ ਸਮਾਂ ਸੁਯੋਗ ਅਗਵਾਈ ਕਰ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਜਥੇਦਾਰ ਨਵਾਬ ਕਪੂਰ ਸਿੰਘ ਪੰਥ ਦੀ ਵਾਗਡੋਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਕੇ 1753 ਈ: ਨੂੰ ਅੰਮ੍ਰਿਤਸਰ ’ਚ ਪ੍ਰਲੋਕ ਸਿਧਾਰ ਗਏ।

ਜੱਸਾ ਸਿੰਘ (ਆਹਲੂਵਾਲੀਆ) ਦਾ ਜਨਮ 1718 ਈ. ਨੂੰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਪਿਤਾ ਦਾ ਸਾਇਆ ਛੋਟੀ ਉਮਰੇ ਸਿਰ ਤੋਂ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਹੀ ਜੁਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿਚ ਹੀ ਉਨ੍ਹਾਂ ਸਿੱਖ ਵਿਚਾਰਧਾਰਾ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ ਬਖ਼ਸ਼ਿਸ਼ ਕੀਤੇ।

ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ ਜਥੇਦਾਰ ਨਵਾਬ ਕਪੂਰ ਸਿੰਘ ਕੋਲ ਪੁੱਜੇ। ਜੱਸਾ ਸਿੰਘ ਦੀ ਸ਼ਖਸੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਨਵਾਬ ਕਪੂਰ ਸਿੰਘ ਦੇ ਕਹਿਣ ’ਤੇ ਮਾਤਾ ਜੀਵਨ ਕੌਰ ਨੇ ਜੱਸਾ ਸਿੰਘ ਨੂੰ ਉਥੇ ਹੀ ਛੱਡ ਦਿਤਾ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਘੋੜਸਵਾਰੀ, ਤੇਗ਼, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿੱਤੀ। ਜੱਸਾ ਸਿੰਘ ਇਸ ਆਦਿ ਸਿਖਲਾਈ ਦੇ ਨਾਲ ਦੀਵਾਨਾਂ ਵਿਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖ਼ੂਬ ਕਰਦੇ। ਜਵਾਨ ਹੋਣ ’ਤੇ ਉਸ ਨੂੰ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਪਾਨ ਕਰਵਾਇਆ ਤੇ ਰਹਿਤ ਬਹਿਤ ਵਿਚ ਪਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਸਾਹਿਬ ਨੇ ਖ਼ਾਲਸੇ ਦੇ ਘੋੜਿਆਂ ਨੂੰ ਖ਼ੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿਤੀ, ਜੋ ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀਆਂ ਕਈ ਮੁਹਿੰਮਾਂ ਵਿੱਚ ਸਾਥ ਦਿਤਾ। ਇਸ ਤਰ੍ਹਾਂ ਜੱਸਾ ਸਿੰਘ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਹੋ ਗਏ ਸਨ।

ਜੱਸਾ ਸਿੰਘ ਨੇ ਜਿੱਥੇ ਅਫ਼ਗ਼ਾਨੀਆਂ ਨੂੰ ਸੋਧਿਆ, ਉਥੇ 1761 ਈ. ਨੂੰ ਅਹਿਮਦ ਸ਼ਾਹ ਅਬਦਾਲੀ ਕੋਲੋਂ 2,200 ਹਿੰਦੂ ਲੜਕੀਆਂ ਨੂੰ ਛੁਡਵਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ। 1761 ਨੂੰ ਖ਼ਾਲਸੇ ਨੇ ਲਾਹੌਰ ਫ਼ਤਹਿ ਕੀਤਾ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ-ਉਲ-ਕੌਮ’ ਐਲਾਨਿਆ ਗਿਆ। ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। 5 ਫ਼ਰਵਰੀ 1762 ਨੂੰ ਕੁੱਪ ਰਹੀੜੇ ਦੇ ਸਥਾਨ ’ਤੇ ਵਾਪਰੇ ਘੱਲੂਘਾਰੇ ਵਿੱਚ ਵੀ ਜੱਸਾ ਸਿੰਘ ਆਹਲੂਵਾਲੀਆ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ’ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ।

11 ਮਾਰਚ 1783 ਨੂੰ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖ ਸਰਦਾਰਾਂ ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਭਾਗ ਸਿੰਘ, ਗੁਰਦਿੱਤ ਸਿੰਘ ਨੇ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਲਹਿਰਾਇਆ। ਅਕਤੂਬਰ 1783 ਈ. ਨੂੰ ਕੌਮ ਨੂੰ ਬੁਲੰਦੀਆਂ ’ਤੇ ਪਹੁੰਚਾ ਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਏ।