ਬੁੱਢਾ ਦਰਿਆ ’ਚ ਪਾਣੀ ਦਾ ਪੱਧਰ ਘਟਿਆ, ਲੋਕਾਂ ਨੂੰ ਸੁੱਖ ਦਾ ਸਾਹ ਆਇਆ

ਬੁੱਢਾ ਦਰਿਆ ’ਚ ਪਾਣੀ ਦਾ ਪੱਧਰ ਘਟਿਆ, ਲੋਕਾਂ ਨੂੰ ਸੁੱਖ ਦਾ ਸਾਹ ਆਇਆ

ਕਈ ਖੇਤਰਾਂ ਵਿੱਚ ਗੰਦਾ ਪਾਣੀ ਭਰਨ ਕਾਰਨ ਸਥਿਤੀ ਅਜੇ ਵੀ ਗੰਭੀਰ; ਨਗਰ ਨਿਗਮ ਵੱਲੋਂ ਸਫ਼ਾਈ ਮੁਹਿੰਮ ਸ਼ੁਰੂ
ਲੁਧਿਆਣਾ- ਸਨਅਤੀ ਸ਼ਹਿਰ ਵਿੱਚੋਂ ਨਿਕਲਣ ਵਾਲੇ ਬੁੱਢਾ ਨਾਲੇ ਦਾ 6 ਦਿਨਾਂ ਮਗਰੋਂ ਪਾਣੀ ਦਾ ਪੱਧਰ ਘੱਟ ਗਿਆ ਹੈ। ਇਸ ਮਗਰੋੀ ਲੋਕਾਂ ਨੇ ਅੱਜ ਸੁੱਖ ਦਾ ਸਾਹ ਲਿਆ। ਇਸ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ ਜਿਥੇ ਹਾਲੇ ਵੀ ਬੁੱਢੇ ਨਾਲੇ ਦਾ ਗੰਦਾ ਪਾਣੀ ਅੰਦਰ ਵੜ੍ਹਿਆ ਹੋਇਆ ਹੈ। ਲੋਕ ਬਦਬੂ ਵਾਲੇ ਪਾਣੀ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਨ੍ਹਾਂ ਇਲਾਕਿਆਂ ਵਿੱਚ ਐੱਨਜੀਓ ਦੀ ਮਦਦ ਨਾਲ ਹੀ ਲੋਕਾਂ ਨੂੰ ਰਾਸ਼ਨ ਪਾਣੀ ਤੇ ਹੋਰ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਸ਼ੁੱਕਰਵਾਰ ਦੀ ਸਵੇਰੇ ਕਰੀਬ ਇੱਕ ਫੁੱਟ ਤੋਂ ਜ਼ਿਆਦਾ ਪਾਣੀ ਦਾ ਪੱਧਰ ਘੱਟ ਹੋ ਗਿਆ। ਇਸ ਨਾਲ ਲੋਕਾਂ ’ਚ ਆਸ ਜਾਗੀ ਕਿ ਪਾਣੀ ਹੁਣ ਵਾਪਸ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਵੇਗਾ। ਲੋਕ ਲਗਾਤਾਰ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਮੀਂਹ ਨਾ ਪਵੇ ਤੇ ਪਿੱਛੋਂ ਪਾਣੀ ਨਾ ਆਵੇ ਤਾਂ ਕਿ ਉਨ੍ਹਾਂ ਦੇ ਘਰਾਂ ’ਚ ਜੋ ਸਾਮਾਨ ਬਚਿਆ ਹੈ, ਉਹ ਕਿਸੇ ਤਰ੍ਹਾਂ ਇਕੱਠਾ ਕੀਤਾ ਜਾ ਸਕੇ। ਉਧਰ, ਜਿਨ੍ਹਾਂ ਖੇਤਰਾਂ ਵਿੱਚ ਗੰਦਾ ਪਾਣੀ ਭਰਿਆ ਪਿਆ ਹੈ, ਉੱਥੇ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ। ਨਗਰ ਨਿਗਮ ਨੇ ਵੀ ਸਫ਼ਾਈ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਹੈ ਤਾਂ ਕਿ ਪਾਣੀ ਜਾਣ ਤੋਂ ਬਾਅਦ ਗੰਦਗੀ ਕਾਰਨ ਕੋਈ ਬੀਮਾਰੀ ਨਾ ਫੈਲੇ। ਨਗਰ ਨਿਗਮ ਦੀਆਂ ਟੀਮਾਂ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਲੱਗੀਆਂ ਹਨ ਜਿੱਥੇ ਬੁੱਢਾ ਦਰਿਆ ਜਾਂ ਫਿਰ ਗੰਦੇ ਨਾਲੇ ਦਾ ਪਾਣੀ ਦਾਖਲ ਹੋ ਗਿਆ ਸੀ ਤਾਂ ਕਿ ਉਥੇ ਸਫ਼ਾਈ ਮੁਹਿੰਮ ਸ਼ੁਰੂ ਕਰਵਾਈ ਜਾ ਸਕੇ। ਪਹਾੜਾਂ ਤੋਂ ਆਏ ਪਾਣੀ ਤੇ ਮੀਂਹ ਕਾਰਨ ਮਹਾਂਨਗਰ ਦਾ ਸਤਲੁਜ ਦਰਿਆ ਖਤਰੇ ਦੇ ਨਿਸ਼ਾਨ ਤੋਂ ਉਪਰ ਚਲੇ ਗਿਆ ਤੇ ਬੁੱਢਾ ਨਾਲੇ ’ਚ ਵੀ ਪਾਣੀ ਪੂਰੀ ਤਰ੍ਹਾਂ ਓਵਰਫਲੋਅ ਹੋ ਗਿਆ ਸੀ। ਉਧਰ, ਸ਼ਹਿਰ ਦੇ ਵਿੱਚੋਂ ਵਿੱਚ ਨਿਕਲਣ ਵਾਲਾ ਗੰਦਾ ਨਾਲਾ ਵੀ ਬੈਕ ਮਾਰ ਗਿਆ ਤੇ ਸਾਰਾ ਗੰਦਾ ਪਾਣੀ ਲੋਕਾਂ ਦੇ ਰਿਹਾਇਸ਼ੀ ਇਲਾਕਿਆਂ ’ਚ ਦਾਖਲ ਹੋ ਗਿਆ। ਇਸ ਤੋਂ ਇਲਾਵਾ ਤਾਜਪੁਰ ਰੋਡ ’ਤੇ ਕਈ ਥਾਂ ਬੁੱਢਾ ਦਰਿਆ ਦਾ ਪਾਣੀ ਓਵਰਫਲੋਅ ਹੋ ਗਿਆ ਤੇ ਝੁੱਗੀਆਂ ਦੇ ਨਾਲ ਨਾਲ ਸੜਕਾਂ ਪਾਣੀ ’ਚ ਡੁੱਬ ਗਈਆਂ ਤੇ ਪੁਲੀਸ ਚੌਕੀ ਤਾਜਪੁਰ ਵੀ ਪਾਣੀ ’ਚ ਡੁੱਬ ਗਈ। ਇਸ ਤੋਂ ਇਲਾਵਾ ਡੇਅਰੀ ਕੰਪਲੈਕਸ ਦੇ ਨਾਲ ਨਾਲ ਰਿਹਾਇਸ਼ੀ ਇਲਾਕਿਆਂ ’ਚ ਪਾਣੀ ਦਾਖ਼ਲ ਹੋ ਗਿਆ। ਪਿੰਡ ਭੂਖੜੀ ’ਚ ਪੁੱਲ ਟੁੱਟ ਗਿਆ ਸੀ ਤੇ ਕਈ ਪੁੱਲਾਂ ਨੂੰ ਖਤਰਾ ਪੈਦਾ ਹੋ ਗਿਆ ਸੀ, ਪਰ ਵੀਰਵਾਰ ਦੀ ਸ਼ਾਮ ਨੂੰ ਪਾਣੀ ਦਾ ਪੱਧਰ ਹੇਠਾਂ ਆਉਣ ਲੱਗਿਆ।