ਬੁਲਡੋਜ਼ਰ ਹੇਠ ਅਧਿਕਾਰ ਦਰੜਨ ਤੋਂ ਚੰਗਾ ਲੋਕਾਂ ਦੀ ਆਵਾਜ਼ ਸੁਣੀ ਜਾਵੇ: ਪ੍ਰਿਯੰਕਾ

ਬੁਲਡੋਜ਼ਰ ਹੇਠ ਅਧਿਕਾਰ ਦਰੜਨ ਤੋਂ ਚੰਗਾ ਲੋਕਾਂ ਦੀ ਆਵਾਜ਼ ਸੁਣੀ ਜਾਵੇ: ਪ੍ਰਿਯੰਕਾ

ਜੰਮੂ-ਕਸ਼ਮੀਰ ’ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸਬੰਧੀ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ- ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਜੰਮੂ ਤੇ ਕਸ਼ਮੀਰ ਵਿੱਚ ਚੱਲ ਰਹੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸਬੰਧੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅਧਿਕਾਰਾਂ ਨੂੰ ਬੁਲਡੋਜ਼ਰ ਹੇਠ ਦਰੜਨ ਦੀ ਬਜਾਏ ਅਮਨ ਬਹਾਲੀ ਤੇ ਭਰੋਸਾ ਜਿੱਤਣ ਲਈ ਲੋਕਾਂ ਦੀ ਗੱਲ ਸੁਣਨੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ, ਦਿ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਆਦਿ ਸਿਆਸੀ ਪਾਰਟੀਆਂ ਵੱਲੋਂ ਇਸ ਮੁਹਿੰਮ ਖ਼ਿਲਾਫ਼ ਆਵਾਜ਼ ਚੁੱਕੀ ਗਈ ਹੈ ਅਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ 10 ਲੱਖ ਕਨਾਲਾਂ ਤੋਂ ਉਪਰ ਜ਼ਮੀਨ ਖਾਲੀ ਕਰਵਾਈ ਜਾ ਚੁੱਕੀ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਲੱਦਾਖ ਵਿੱਚ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਹੇ ਲੋਕਾਂ ’ਤੇ ਜ਼ੁਲਮ ਢਾਹੇ ਜਾ ਰਹੇ ਹਨ। ਕਾਂਗਰਸ ਦੀ ਜਨਰਲ ਸਕੱਤਰ ਨੇ ਦਾਅਵਾ ਕੀਤਾ,‘ਕਸ਼ਮੀਰ ਵਿੱਚ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਏ ਗਏ ਹਨ।’ ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਦੇਸ਼ ਹੈ। ਅਮਨ ਬਹਾਲੀ ਤੇ ਭਰੋਸਾ ਜਿੱਤਣ ਲਈ ਆਮ ਲੋਕਾਂ ਦੀ ਆਵਾਜ਼ ਸੁਣਨੀ ਜ਼ਰੂਰੀ ਹੈ ਅਤੇ ਨਾ ਕਿ ਉਨ੍ਹਾਂ ਦੇ ਅਧਿਕਾਰਾਂ ਨੂੰ ਬੁਲਡੋਜ਼ਰ ਹੇਠ ਦਰੜਿਆ ਜਾਣਾ ਚਾਹੀਦਾ ਹੈ।