ਬੀਬੀਸੀ ਦਸਤਾਵੇਜ਼ੀ ਸਿਆਸਤ ਦਾ ਹਿੱਸਾ, ਅਚਾਨਕ ਰਿਲੀਜ਼ ਨਹੀਂ ਹੋਈ: ਜੈਸ਼ੰਕਰ

ਬੀਬੀਸੀ ਦਸਤਾਵੇਜ਼ੀ ਸਿਆਸਤ ਦਾ ਹਿੱਸਾ, ਅਚਾਨਕ ਰਿਲੀਜ਼ ਨਹੀਂ ਹੋਈ: ਜੈਸ਼ੰਕਰ

ਵਿਦੇਸ਼ ਮੰਤਰੀ ਨੇ ਦਸਤਾਵੇਜ਼ੀ ਰਿਲੀਜ਼ ਹੋਣ ਦੇ ਸਮੇਂ ’ਤੇ ਉਠਾਏ ਸਵਾਲ
ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ‘ਅਸਲ ਸਿਆਸਤ’ ਉਨ੍ਹਾਂ ਲੋਕਾਂ ਵੱਲੋਂ ‘ਜ਼ਾਹਿਰਾ ਤੌਰ ’ਤੇ ਮੀਡੀਆ ਬਣ ਕੇ’ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲ ‘ਸਿਆਸਤ ਵਿਚ ਉਤਰਨ ਦਾ ਹੌਸਲਾ ਨਹੀਂ ਹੈ।’ ਜੈਸ਼ੰਕਰ ਨੇ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵਿਵਾਦਤ ਬੀਬੀਸੀ ਦਸਤਾਵੇਜ਼ੀ ਦੇ ਸੰਦਰਭ ਵਿਚ ਕੀਤੀਆਂ ਹਨ। ਦਸਤਾਵੇਜ਼ੀ ਉਤੇ ਪਏ ਰੌਲੇ-ਰੱਪੇ ਨੂੰ ‘ਦੂਜੇ ਅਰਥਾਂ ’ਚ ਸਿਆਸਤ’ ਕਰਾਰ ਦਿੰਦਿਆਂ ਜੈਸ਼ੰਕਰ ਨੇ ਕਿਹਾ, ‘ਕਈ ਵਾਰ ਭਾਰਤ ਦੀ ਸਿਆਸਤ ਇਸ ਦੀਆਂ ਹੱਦਾਂ ਦੇ ਅੰਦਰ ਹੀ ਪੈਦਾ ਨਹੀਂ ਹੁੰਦੀ, ਇਹ ਬਾਹਰੋਂ ਵੀ ਆਉਂਦੀ ਹੈ। ਅਸੀਂ ਕੇਵਲ ਕਿਸੇ ਦਸਤਾਵੇਜ਼ੀ ਜਾਂ ਭਾਸ਼ਣ ਬਾਰੇ ਬਹਿਸ ਨਹੀਂ ਕਰ ਰਹੇ, ਜੋ ਕਿਸੇ ਨੇ ਯੂਰੋਪੀ ਸ਼ਹਿਰ ਵਿਚ ਦਿੱਤਾ ਹੈ, ਅਸੀਂ ਅਸਲ ਵਿਚ ਸਿਆਸਤ ਦੀ ਗੱਲ ਕਰ ਰਹੇ ਹਾਂ, ਜੋ ਜ਼ਾਹਿਰਾ ਤੌਰ ਉਤੇ ਮੀਡੀਆ ਬਣ ਕੇ ਕੀਤੀ ਗਈ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ‘ਹੋਰ ਢੰਗ ਨਾਲ ਜੰਗ ਲੜਨੀ’, ਇਹ ਹੋਰ ਤਰੀਕੇ ਨਾਲ ਕੀਤੀ ਗਈ ਸਿਆਸਤ ਹੈ।’ ਵਿਦੇਸ਼ ਮੰਤਰੀ ਨੇ ਦਸਤਾਵੇਜ਼ੀ ਦੇ ਸਮੇਂ ਉਤੇ ਵੀ ਸਵਾਲ ਉਠਾਇਆ, ਤੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਦਿਖਾਉਣ ਦਾ ਕੀ ਮਤਲਬ ਹੈ। ਵਿਦੇਸ਼ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ, ‘ਤੁਸੀਂ ਸੋਚੋਗੇ ਕਿ ਦਸਤਾਵੇਜ਼ੀ ਅਚਾਨਕ ਇਸ ਸਮੇਂ ਰਿਲੀਜ਼ ਹੋਈ ਹੈ। ਪਰ ਮੈਂ ਤੁਹਾਨੂੰ ਇਕ ਗੱਲ ਦੱਸਣੀ ਚਾਹਾਂਗਾ- ਮੈਨੂੰ ਇਹ ਤਾਂ ਨਹੀਂ ਪਤਾ ਕਿ ਕੀ ਭਾਰਤ ਜਾਂ ਦਿੱਲੀ ਵਿਚ ਚੋਣਾਂ ਦੀ ਰੁੱਤ ਆ ਗਈ ਹੈ, ਪਰ ਇਹ ਪੱਕਾ ਪਤਾ ਹੈ ਕਿ ਲੰਡਨ ਤੇ ਨਿਊਯਾਰਕ ਵਿਚ ਇਹ ਸ਼ੁਰੂ ਹੋ ਗਈ ਹੈ।’ ਜ਼ਿਕਰਯੋਗ ਹੈ ਕਿ ਬੀਬੀਸੀ ਦਸਤਾਵੇਜ਼ੀ ਵਿਚ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਹੈ। ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਦੀ ਭੂਮਿਕਾ ਨੂੰ ਦਿਖਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਬਾਰੇ ਪੱਛਮੀ ਮੀਡੀਆ ਦੇ ਰੁਖ਼ ਬਾਰੇ ਪੁੱਛਣ ’ਤੇ ਜੈਸ਼ੰਕਰ ਨੇ ਕਿਹਾ ਕਿ, ‘ਤੁਸੀਂ ਭਾਰਤ ਜਾਂ ਭਾਜਪਾ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਦੀ ਐਨੀ ਕੱਟੜ ਪਛਾਣ ਕਿਵੇਂ ਪੇਸ਼ ਕਰ ਸਕਦੇ ਹੋ। ਇਹ ਪਿਛਲੇ ਇਕ ਦਹਾਕੇ ਤੋਂ ਕੀਤਾ ਜਾ ਰਿਹਾ ਹੈ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੀਆਂ ਕਹਾਣੀਆਂ ਵਿਦੇਸ਼ ਵਿਚ ਚਲਾਈਆਂ ਜਾਣੀਆਂ ਭਾਰਤ ਵਿਰੋਧੀ ਏਜੰਡੇ ਨੂੰ ਉਤਸ਼ਾਹਿਤ ਕਰਨਗੀਆਂ।