ਬੀਡਬਲਿਊਐੱਫ ਦਰਜਾਬੰਦੀ ’ਚ ਸਿੰਧੂ 15ਵੇਂ ਸਥਾਨ ’ਤੇ ਪਹੁੰਚੀ

ਬੀਡਬਲਿਊਐੱਫ ਦਰਜਾਬੰਦੀ ’ਚ ਸਿੰਧੂ 15ਵੇਂ ਸਥਾਨ ’ਤੇ ਪਹੁੰਚੀ

ਕਿਦਾਂਬੀ ਸ੍ਰੀਕਾਂਤ 20ਵੇਂ ਸਥਾਨ ’ਤੇ ਖਿਸਕਿਆ

ਨਵੀਂ ਦਿੱਲੀ- ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਅੱਜ ਜਾਰੀ ਤਾਜ਼ਾ ਬੀਡਬਲਿਊਐੱਫ ਵਿਸ਼ਵ ਦਰਜਾਬੰਦੀ ’ਚ ਦੋ ਸਥਾਨ ਉਪਰ 15ਵੇਂ ਸਥਾਨ ’ਤੇ ਪਹੁੰਚ ਗਈ ਹੈ। ਉਧਰ ਕਿਦਾਂਬੀ ਸ੍ਰੀਕਾਂਤ ਇਕ ਸਥਾਨ ਹੇਠਾਂ 20ਵੇਂ ਸਥਾਨ ’ਤੇ ਖਿਸਕ ਗਿਆ। ਖ਼ਰਾਬ ਲੈਅ ਨਾਲ ਜੂਝ ਰਹੀ ਸਿੰਧੂ ਨੂੰ ਪਿਛਲੇ ਹਫ਼ਤੇ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਬੇਵੇਨ ਜ਼ਾਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੇ ਬਾਅਦ ਵਿੱਚ ਖਿਤਾਬ ਵੀ ਜਿੱਤਿਆ। ਇਸੇ ਤਰ੍ਹਾਂ ਸ੍ਰੀਕਾਂਤ ਨੂੰ ਵੀ ਸਿਡਨੀ ’ਚ ਆਖਰੀ ਅੱਠ ਦੇ ਮੈਚ ’ਚ ਹਮਵਤਨ ਪ੍ਰਿਯਾਂਸ਼ੂ ਰਾਜਾਵਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਅਨ ਓਪਨ ਦੇ ਉਪ ਜੇਤੂ ਐੱਚਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਕ੍ਰਮਵਾਰ ਨੌਵੇਂ ਅਤੇ 11ਵੇਂ ਸਥਾਨ ’ਤੇ ਕਾਬਜ਼ ਹਨ। ਪਿਛਲੇ ਹਫਤੇ ਸਿਡਨੀ ’ਚ ਸੁਪਰ 500 ਟੂਰਨਾਮੈਂਟ ਵਿੱਚ ਪਹਿਲੀ ਵਾਰ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲਾ ਰਾਜਾਵਤ ਤਿੰਨ ਸਥਾਨ ਉਪਰ 28ਵੇਂ ਸਥਾਨ ’ਤੇ ਆ ਗਿਆ ਹੈ।