ਬਿਪਰਜੁਆਏ: ਚੱਕਰਵਾਤੀ ਤੂਫਾਨ ਨੇ ਵੱਡੀ ਤਬਾਹੀ ਮਚਾਈ, ਜਾਨੀ ਨੁਕਸਾਨ ਤੋਂ ਬਚਾਅ

ਬਿਪਰਜੁਆਏ: ਚੱਕਰਵਾਤੀ ਤੂਫਾਨ ਨੇ ਵੱਡੀ ਤਬਾਹੀ ਮਚਾਈ, ਜਾਨੀ ਨੁਕਸਾਨ ਤੋਂ ਬਚਾਅ

ਇਕ ਹਜ਼ਾਰ ਦੇ ਕਰੀਬ ਪਿੰਡ ਹਨੇਰੇ ਵਿੱਚ; ਸਾਹਿਲੀ ਪਿੰਡਾਂ ’ਚ ਹੜ੍ਹਾਂ ਵਾਲੇ ਹਾਲਾਤ ਬਣੇ
ਅਹਿਮਦਾਬਾਦ- ਚੱਕਰਵਾਤੀ ਤੂਫਾਨ ਬਿਪਰਜੁਆਏ ਨੇ ਗੁਜਰਾਤ ਦੇ ਕੱਛ ਤੇ ਸੌਰਾਸ਼ਟਰ ਖੇਤਰਾਂ ਵਿੱਚ ਵੱਡੀ ਤਬਾਹੀ ਮਚਾਈ ਹੈ। ਹਾਂਲਾਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਬਿਜਲੀ ਦੇ ਸੈਂਕੜੇ ਖੰਭਿਆਂ ਨੂੰ ਨੁਕਸਾਨ ਪੁੱਜਣ ਕਰਕੇ ਇਕ ਹਜ਼ਾਰ ਦੇ ਕਰੀਬ ਪਿੰਡ ਹਨੇਰੇ ਵਿੱਚ ਹਨ। ਭਾਰੀ ਮੀਂਹ ਕਰਕੇ ਸਾਹਿਲੀ ਪਿੰਡਾਂ ਵਿੱਚ ਹੜ੍ਹਾਂ ਵਾਲੇ ਹਾਲਾਤ ਬਣ ਗਏ ਹਨ। ਚੱਕਰਵਾਤੀ ਤੂਫ਼ਾਨ ਨੇ ਲੰਘੇ ਦਿਨ ਸੌਰਾਸ਼ਟਰ-ਕੱਛ ਦੇ ਸਾਹਿਲੀ ਇਲਾਕਿਆਂ ਵਿੱਚ ਜਖਾਓ ਨੇੜੇ ਦਸਤਕ ਦਿੱਤੀ ਸੀ ਤੇ ਸ਼ੁੱਕਰਵਾਰ ਵੱਡੇ ਤੜਕੇ ਢਾਈ ਵਜੇ ਦੇ ਕਰੀਬ ਤੂਫ਼ਾਨ ਮੱਠਾ ਪੈ ਗਿਆ। ਗੁਜਰਾਤ ਦੇ ਅੱਠ ਜ਼ਿਲ੍ਹਿਆਂ ਵਿੱਚ ਬਿਜਲੀ ਬਹਾਲੀ ਲਈ 1000 ਤੋਂ ਵੱਧ ਟੀਮਾਂ ਕੰਮ ਕਰ ਰਹੀਆਂ ਹਨ ਤੇ ਸੜਕਾਂ ’ਤੇ ਡਿੱਗੇ ਦਰੱਖ਼ਤ ਹਟਾਉਣ ਲਈ ਜੰਗਲਾਤ ਵਿਭਾਗ ਦੀਆਂ ਟੀਮਾਂ ਸਰਗਰਮ ਹਨ। ਉਧਰ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ ਕਿ ਅਗਾਊਂ ਯੋਜਨਾਬੰਦੀ ਕਰਕੇ ਉਹ ਕੀਮਤੀ ਜਾਨਾਂ ਬਚਾਉਣ ਵਿੱਚ ਕਾਮਯਾਬ ਰਹੇ। ਪਟੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਿਲੇ ਸਹਿਯੋਗ ਤੇ ਸੇੇਧ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗੁਜਰਾਤ ਦੇ ਰਾਹਤ ਕਮਿਸ਼ਨਰ ਆਲੋਕ ਕੁਮਾਰ ਪਾਂਡੇੇ ਨੇ ਕਿਹਾ, ‘‘ਸੂਬੇ ਲਈ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਚੱਕਰਵਾਤੀ ਤੂਫਾਨ ਬਿਪਰਜੁਆਏ ਕਰਕੇ ਹੁਣ ਤੱਕ ਇਕ ਵੀ ਮਨੁੱਖੀ ਜਾਨ ਨਹੀਂ ਗਈ। ਇਹ ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਸੰਭਵ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਤੂਫਾਨ ਕਰਕੇ ਪੱਛਮ ਗੁਜਰਾਤ ਵਿਜ ਕੰਪਨੀ ਲਿਮਟਿਡ ਨੂੰ 5120 ਬਿਜਲੀ ਦੇ ਖੰਭੇ ਨੁਕਸਾਨੇ ਜਾਣ ਨਾਲ ਵੱਡਾ ਵਿੱਤੀ ਨੁਕਸਾਨ ਪੁੱਜਾ ਹੈ। ਉਧਰ ਅਧਿਕਾਰੀਆਂ ਨੇ ਕਿਹਾ ਕਿ 600 ਦੇ ਕਰੀਬ ਦਰੱਖ਼ਤ ਜੜ੍ਹੋਂ ਪੁੱਟੇ ਗਏ ਤੇ ਤਿੰਨ ਸੂਬਾਈ ਸ਼ਾਹਰਾਹਾਂ ’ਤੇ ਆਵਾਜਾਈ ਅਸਰਅੰਦਾਜ਼ ਹੋਈ। ਚੱਕਰਵਾਤੀ ਤੂਫਾਨ ਨਾਲ ਜੁੜੇ ਹਾਦਸਿਆਂ ਵਿੱਚ ਘੱਟੋ-ਘੱਟ 23 ਵਿਅਕਤੀ ਜ਼ਖ਼ਮੀ ਹੋ ਗਏ ਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ। ਅਧਿਕਾਰੀ ਨੇ ਕਿਹਾ, ‘‘ਦਰਖ਼ਤ ਡਿੱਗਣ ਕਰਕੇ ਤਿੰਨ ਸ਼ਾਹਰਾਹਾਂ ਨੂੰ ਬੰਦ ਕਰਨਾ ਪਿਆ। ਕੁੱਲ 580 ਦਰਖ਼ਤ ਜੜ੍ਹੋਂ ਪੁੱਟੇ ਗਏ। ਨੌਂ ਪੱਕੇ ਤੇ 20 ਕੱਚੇ ਘਰ ਢਹਿ ਗਏ। ਕੁਝ ਘਰਾਂ ਦਾ ਥੋੜ੍ਹਾ ਬਹੁਤ ਨੁਕਸਾਨ ਹੋਇਆ।’’ ਉਧਰ ਮੌਸਮ ਵਿਭਾਗ ਨੇ ਕੱਛ ਜ਼ਿਲ੍ਹੇ ਦੇ ਕੁਝ ਹਿੱਸਿਆਂ, ਬਨਾਸਕਾਂਠਾ ਤੇ ਪਾਟਨ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਰਾਹਤ ਕਮਿਸ਼ਨਰ ਪਾਂਡੇ ਨੇ ਕਿਹਾ ਕਿ ਹਾਲਾਤ ਸੁਧਰ ਰਹੇ ਹਨ ਤੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਤੂਫਾਨ ਦੇ ਟਕਰਾਉਣ ਤੋਂ ਪਹਿਲਾਂ ਹੀ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕਰ ਦਿੱਤਾ ਗਿਆ ਸੀ। ਦੇਵਭੂਮੀ ਦਵਾਰਕਾ, ਜਾਮਨਗਰ, ਭਾਵਨਗਰ, ਬਨਾਸਕਾਂਠਾ ਤੇ ਮੋਰਬੀ ਜ਼ਿਲ੍ਹਿਆਂ, ਗਾਂਧੀਧਾਮ, ਭੁੱਜ, ਅੰਜਾਰ ਤੇ ਮੁੰਦਰਾ ਵਿੱਚ ਵੀ ਭਾਰੀ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਨੇ ਕਿਹਾ ਕਿ ਰਾਹਤ ਕਾਰਜਾਂ ਲਈ 18 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦੋਂਕਿ ਪੰਜ ਟੀਮਾਂ ਮੁੰਬਈ ਤੇ ਚਾਰ ਕਰਨਾਟਕ ਵਿੱਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਬਿਪਰਜੁਆਏ ਹੁਣ ਦੱਖਣੀ ਰਾਜਸਥਾਨ ਵੱਲ ਵੱਧ ਗਿਆ ਹੈ। ਤੂਫਾਨ ਕਰਕੇ ਰਾਜਸਥਾਨ ਦੇ ਜਾਲੋਰ ਤੇ ਬਾੜਮੇਰ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਦੋਵਾਂ ਜ਼ਿਲ੍ਹਿਆਂ ’ਚ ‘ਰੈੱਡ’ ਅਲਰਟ ਜਾਰੀ ਕੀਤਾ ਹੈ। ਜੈਪੁਰ, ਕੋਟਾ, ਭਰਤਪੁਰ, ਉਦੈਪੁਰ, ਅਜਮੇਰ, ਜੋਧਪੁਰ ਤੇ ਬੀਕਾਨੇਰ ਵਿੱਚ ਐੱਸਡੀਆਰਐੱਫ ਦੀਆਂ 8 ਤੇ ਐੱਨਡੀਆਰਐੱਫ ਦੀ ਇਕ ਕੰਪਨੀ ਅਜਮੇਰ ਦੇ ਕਿਸ਼ਨਗੜ੍ਹ ’ਚ ਤਾਇਨਾਤ ਕੀਤੀ ਗਈ ਹੈ।