ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਚਾਲੂ ਕਰਨ ਲਈ ਪ੍ਰਾਜੈਕਟ ਆਰੰਭ

ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਚਾਲੂ ਕਰਨ ਲਈ ਪ੍ਰਾਜੈਕਟ ਆਰੰਭ

ਸ੍ਰੀ ਗੋਇੰਦਵਾਲ ਸਾਹਿਬ- ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਗੁਰਨਾਮ ਸਿੰਘ ਯੂਪੀ ਵਾਲਿਆਂ ਦੇ ਉੱਦਮ ਸਦਕਾ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਵਿੱਚ ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ। ਜਿੱਥੇ ਇਹ ਪੁਰਾਤਨ ਦਰਿਆ 16ਵੀਂ ਸਦੀ ਦੌਰਾਨ ਵਗਿਆ ਕਰਦਾ ਸੀ। ਜੋ ਪਿਛਲੇ ਸਮੇ ਦੌਰਾਨ ਦਰਿਆ ਦਾ ਇੱਕ ਹਿੱਸਾ ਬੰਦ ਹੋਣ ਕਾਰਨ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਸੀ। ਜਿਸ ਦੇ ਚੱਲਦਿਆ ਇਸ ਗੰਦੇ ਨਾਲੇ ਦਾ ਪਾਣੀ ਪਵਿੱਤਰ ਬਾਉਲੀ ਦੇ ਜਲ ਨੂੰ ਦੂਸ਼ਿਤ ਕਰ ਰਿਹਾ ਸੀ।

ਇਸ ਸਮੱਸਿਆ ਨੂੰ ਦੂਰ ਕਰਨ ਦੇ ਮਕਸਦ ਨਾਲ ਅੱਜ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਕਸਬੇ ਦੇ ਸੀਵਰੇਜ਼ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਸ ਦਰਿਆ ਦਾ ਇੱਕ ਹਿੱਸਾ ਗੰਦੇ ਨਾਲੇ ਦੇ ਰੂਪ ਵਿਚ ਵਗਣ ਲੱਗ ਪਿਆ ਸੀ। ਕਸਬੇ ਦਾ ਦੂਸ਼ਿਤ ਪਾਣੀ ਪਵਿੱਤਰ ਬਾਉਲੀ ਸਾਹਿਬ ਦੇ ਜਲ ਨੂੰ ਵੀ ਗੰਧਲਾ ਕਰ ਰਿਹਾ ਸੀ। ਇਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਸੀ। ਹੁਣ ਇੱਥੇ ਟਰੀਟਮੈਂਟ ਪਲਾਂਟ ਬਣਨ ਨਾਲ ਦੂਸ਼ਿਤ ਪਾਣੀ ਦੀ ਸਮੱਸਿਆ ਹੱਲ ਹੋ ਗਈ ਹੈ। ਬਿਆਸ ਦਰਿਆ ਦੇ ਪੁਰਾਤਨ ਵਹਾਅ ਨੂੰ ਮੁੜ ਸੁਰਜੀਤ ਕਰਨ ਨਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਨੂੰ ਸੈਲਾਨੀ ਕੇਂਦਰ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨਾਲ ਇਲਾਕੇ ਵਿਚ ਰੋਜ਼ਗਾਰ ਦੀਆਂ ਸੰਭਾਵਾਨਾਵਾਂ ਪੈਦਾ ਹੋਣਗੀਆਂ।

ਇਸ ਮੌਕੇ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਨੂੰ ਪੰਜਾਬ ਦੇ ਮਾਡਲ ਸ਼ਹਿਰ ਵਜੋਂ ਸਥਾਪਿਤ ਕੀਤਾ ਜਾਵੇਗਾ। ਨਵੇਂ ਬਣੇ ਟ੍ਰੀਟਮੈਂਟ ਪਲਾਂਟ ਦੀ ਨਿਗਰਾਨੀ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦਾ ਪੁਰਾਤਨ ਵਹਿਣ ਸਾਢੇ ਚਾਰ ਕਿਲੋਮੀਟਰ ਮੀਟਰ ਦਾ ਹੋਵੇਗਾ ਜੋ ਕਿ ਗੁਰਦੁਆਰਾ ਅਸਥਘਾਟ ਤੋਂ ਸ਼ੁਰੂ ਹੋ ਕੇ ਬਾਬਾ ਸ਼ਾਹਹੁਸੈਨ ਦੀ ਦਰਗਾਹ ਤੱਕ ਹੋਵੇਗਾ। ਇਸ ਮੌਕੇ ਖਡੂਰ ਸਾਹਿਬ ਦੇ ਐਸ.ਡੀ.ਐਮ ਦੀਪਕ ਭਾਟੀਆ, ਸਰਬਜੀਤ ਸਿੰਘ, ਬਾਬਾ ਦਵਿੰਦਰ ਸਿੰਘ ਹਾਜ਼ਰ ਸਨ।