ਬਾਸਕਟਬਾਲ: ਤਾਮਿਲਨਾਡੂ ਤੇ ਇੰਡੀਅਨ ਰੇਲਵੇ ਚੈਂਪੀਅਨ

ਬਾਸਕਟਬਾਲ: ਤਾਮਿਲਨਾਡੂ ਤੇ ਇੰਡੀਅਨ ਰੇਲਵੇ ਚੈਂਪੀਅਨ

ਲੁਧਿਆਣਾ- ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ 73ਵੀਂ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਅੱਜ ਦੇਰ ਸ਼ਾਮ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਫਾਈਨਲ ਮੁਕਾਬਲਿਆਂ ਦੌਰਾਨ ਪੁਰਸ਼ਾਂ ਵਿੱਚ ਤਾਮਿਲਨਾਡੂ ਅਤੇ ਮਹਿਲਾਵਾਂ ਵਿੱਚੋਂ ਇੰਡੀਅਨ ਰੇਲਵੇ ਦੀ ਟੀਮ ਚੈਂਪੀਅਨ ਬਣੀ।

ਬੀਤੀ ਤਿੰਨ ਦਸੰਬਰ ਨੂੰ ਸ਼ੁਰੂ ਹੋਈ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ ਕੁੱਲ 64 ਟੀਮਾਂ ਦੇ 200 ਤੋਂ ਵੱਧ ਮੈਚ ਹੋਏ। ਪੁਰਸ਼ਾਂ ਦੀ ਟੀਮ ਦਾ ਫਾਈਨਲ ਮੁਕਾਬਲਾ ਇੰਡੀਅਨ ਰੇਲਵੇ ਅਤੇ ਤਾਮਿਲਨਾਡੂ ਦਰਮਿਆਨ ਹੋਇਆ ਜਿਸ ਦੌਰਾਨ ਤਾਮਿਲਨਾਡੂ ਨੇ ਇੰਡੀਅਨ ਰੇਲਵੇ ਨੂੰ 72-67 ਅੰਕਾਂ ਨਾਲ ਹਰਾਇਆ। ਤਾਮਿਲਨਾਡੂ ਦਾ ਬਾਲ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਤੱਕ ਚੱਲੇ ਸੈਮੀਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਇੰਡੀਅਨ ਰੇਲਵੇ ਹੱਥੋਂ ਹਾਰ ਗਈ। ਤੀਜੇ ਸਥਾਨ ਲਈ ਹੋਏ ਇੱਕ ਮੈਚ ਵਿੱਚ ਪੰਜਾਬ ਨੇ ਦਿੱਲੀ ਨੂੰ 71-65 ਅੰਕਾਂ ਨਾਲ ਹਰਾਇਆ।

ਇਸ ਤੋਂ ਪਹਿਲਾਂ ਮਹਿਲਾਵਾਂ ਦੇ ਫਾਈਨਲ ਵਿੱਚ ਇੰਡੀਅਨ ਰੇਲਵੇ ਨੇ ਕੇਰਲਾ ਨੂੰ 80-50 ਅੰਕਾਂ ਨਾਲ ਹਰਾ ਕੇ ਲਗਾਤਾਰ ਜੇਤੂ ਟਰਾਫੀ ’ਤੇ ਕਬਜ਼ਾ ਬਰਕਰਾਰ ਰੱਖਿਆ। ਜੇਤੂ ਟੀਮ ਵੱਲੋਂ ਪੂਨਮ ਨੇ 23, ਪੁਸ਼ਪਾ ਨੇ 15, ਗੁਲਅਬਾਸਾ ਨੇ 11, ਸ਼ਰੁਤੀ ਅਰਵਿੰਦਰ ਨੇ 10 ਅੰਕਾਂ ਦਾ ਯੋਗਦਾਨ ਪਾਇਆ। ਰੇਲਵੇ ਦੀ ਖਿਡਾਰਨ ਪੂਨਮ ਨੂੰ ਸਰਵੋਤਮ ਖਿਡਾਰਨ ਐਲਾਨਿਆ ਗਿਆ। ਤੀਜੇ ਸਥਾਨ ਲਈ ਤਾਮਿਲਨਾਡੂ ਨੇ ਕਰਨਾਟਕਾ ਨੂੰ 65-54 ਅੰਕਾਂ ਨਾਲ ਪਛਾੜਿਆ। ਔਰਤਾਂ ਦੇ ਵਰਗ ’ਚ ਇੰਡੀਅਨ ਰੇਲਵੇ ਨੇ ਸੋਨੇ, ਕੇਰਲਾ ਨੇ ਚਾਂਦੀ ਅਤੇ ਤਾਮਿਲਨਾਡੂ ਨੇ ਕਾਂਸੇ ਦਾ ਤਗ਼ਮਾ ਜਿੱਤਿਆ।