ਬਾਰਿਸ਼ ਵਿੱਚ ਰੁੜ੍ਹੀਆਂ ਪੁਲੀਆਂ ਦੀ ਕੋਈ ਨਹੀਂ ਲੈ ਰਿਹਾ ਸਾਰ

ਬਾਰਿਸ਼ ਵਿੱਚ ਰੁੜ੍ਹੀਆਂ ਪੁਲੀਆਂ ਦੀ ਕੋਈ ਨਹੀਂ ਲੈ ਰਿਹਾ ਸਾਰ

ਇਲਾਕੇ ਦੇ ਲੋਕਾਂ ਨੂੰ ਕਰਨਾ ਪੈ ਰਿਹੈ ਸਮੱਸਿਆਵਾਂ ਦਾ ਸਾਹਮਣਾ; ਪ੍ਰਸ਼ਾਸਨ ਨੂੰ ਪੁਲੀਆਂ ਦੀ ਮੁਰੰਮਤ ਕਰਵਾਉਣ ਦੀ ਅਪੀਲ
ਰੂਪਨਗਰ- ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਸ਼ਵਿਾਲਿਕ ਪਰਬਤ ਦੀਆਂ ਪਹਾੜੀਆਂ ਗੋਦ ਵਿੱਚ ਵੱਸੇ ਪਿੰਡ ਮਾਜਰੀ ਘਾੜ ਦੀਆਂ ਪਿਛਲੇ ਦਨਿੀਂ ਆਏ ਹੜ੍ਹਾਂ ਦੌਰਾਨ ਰੁੜ੍ਹੀਆਂ ਪੁਲੀਆਂ ਦੀ ਕਾਫੀ ਸਮਾਂ ਲੰਘਣ ਤੋਂ ਬਾਅਦ ਵੀ ਮੁਰੰਮਤ ਨਹੀਂ ਕੀਤੀ ਗਈ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਪ੍ਰੀਤੋ ਦੇਵੀ ਤੇ ਹੋਰ ਲੋਕਾਂ ਸੁਰਜੀਤ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ ਤੇ ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਆਉਣ ਵਾਲੇ ਰਸਤੇ ’ਤੇ ਬਣੀਆਂ ਦੋਵੇਂ ਪੁਲੀਆਂ ਪਿਛਲੇ ਦਨਿੀਂ ਆਏ ਭਾਰੀ ਮੀਂਹ ਦੌਰਾਨ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਚੁੱਕੀਆਂ ਹਨ, ਜਿਸ ਕਰਕੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਨੂੰ ਆਉਣ-ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਾਫੀ ਸਮਾਂ ਬੀਤਣ ਦੇ ਬਾਵਜੂਦ ਕੋਈ ਵੀ ਮਹਿਕਮਾ ਉਨ੍ਹਾਂ ਦੇ ਪਿੰਡ ਦੀਆਂ ਪੁਲੀਆਂ ਦੀ ਮੁਰੰਮਤ ਨਹੀਂ ਕਰਵਾ ਰਿਹਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਇਨ੍ਹਾਂ ਪੁਲੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ

ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜਨੀਅਰ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਜਿਹੜੀ ਪਿੰਡ ਨੇੜੇ ਪੁਲੀ ਹੈ, ਉਹ ਤਾਂ ਪਿਛਲੇ ਦੋ ਸਾਲਾਂ ਤੋਂ ਟੁੱਟੀ ਪਈ ਹੈ ਅਤੇ ਉਸ ਦੀ ਮੁਰੰਮਤ ਪੰਚਾਇਤ ਨੇ ਹੀ ਕਰਵਾਉਣੀ ਹੈ ਕਿਉਂਕਿ ਪਹਿਲਾਂ ਵੀ ਪੰਚਾਇਤ ਨੇ ਹੀ ਪਾਈਪਾਂ ਦਬਾਈਆਂ ਸਨ। ਦੂਜੀ ਪੁਲੀ ਸਬੰਧੀ ਉਨ੍ਹਾਂ ਕਿਹਾ ਕਿ ਉਸ ਦੀ ਮੁਰੰਮਤ ਜਲਦੀ ਕਰਵਾ ਦਿੱਤੀ ਜਾਵੇਗੀ।