ਬਾਬੇ ਨਾਨਕ ਦੇ ਵਿਆਹ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ

ਬਾਬੇ ਨਾਨਕ ਦੇ ਵਿਆਹ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ

ਸੁਲਤਾਨਪੁਰ ਲੋਧੀ ਤੋਂ ਬਟਾਲਾ ਪੁੱਜੇ ਨਗਰ ਕੀਰਤਨ ਦਾ ਨਿੱਘਾ ਸਵਾਗਤ; ਗੁਰੂ ਜੀ ਨੇ ਸਾਨੂੰ ਸੱਚ ’ਤੇ ਚੱਲਣ ਦਾ ਸੁਨੇਹਾ ਦਿੱਤਾ: ਧਾਮੀ
ਸੁਲਤਾਨਪੁਰ ਲੋਧੀ/ਬਟਾਲਾ- ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਮੌਕੇ ਇੱਥੇ ਪੁੱਜੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਗੁਰੂ ਜੀ ਦੇ ਵਿਆਹ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹੱਕ ਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਜੌਹਰ ਦਿਖਾਏ। ਇਸ ਮੌਕੇ ਵਿਸ਼ੇਸ਼ ਪੰਜਾਬੀ ਬੈਂਡ ਖਿੱਚ ਦਾ ਕੇਂਦਰ ਰਿਹਾ।

ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਜਾਇਆ ਬਰਾਤ ਰੂਪੀ ਨਗਰ ਕੀਰਤਨ ਦਾ ਬਟਾਲਾ ਦੀ ਜੂਹ ਵਿੱਚ ਪਹੁੰਚਣ ’ਤੇ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਨਗਰ ਕੀਰਤਨ ਤੋਂ ਪਹਿਲਾਂ ਹੀ ਸੰਗਤਾਂ ਪਿੰਡਾਂ ਤੇ ਕਸਬਿਆਂ ਤੋਂ ਹੁੰਮ ਹੁਮਾ ਕੇ ਬਟਾਲਾ-ਜਲੰਧਰ ਰੋਡ ਦੇ ਦੋਵਾਂ ਪਾਸਿਆਂ ’ਤੇ ਪੁੱਜੀਆਂ ਤੇ ਘੰਟਿਆਂਬੱਧੀ ਖੜ੍ਹੇ ਹੋ ਕੇ ਸ਼ਬਦਾਂ ਦਾ ਗਾਇਨ ਕੀਤਾ।

ਇਸ ਮੌਕੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸਪੀ ਗੁਰਪ੍ਰੀਤ ਸਿੰਘ ਗਿੱਲ, ਐਸਐਸਪੀ ਅਸ਼ਵਨੀ ਗੋਟਿਆਲ, ਐਸਡੀਐਮ ਡਾ ਸ਼ਾਇਰੀ ਭੰਡਾਰੀ, ਤਹਿਸੀਲਦਾਰ ਅਭਿਸ਼ੇਕ ਵਰਮਾ, ਤਹਿਸੀਲਦਾਰ ਨਿਰਮਲ ਸਿੰਘ, ਐਸਜੀਪੀਸੀ ਮੈਂਬਰ ਗੁਰਵਿੰਦਰਪਾਲ ਸਿੰਘ ਗੋਰਾ, ਗੁਰਤਿੰਦਰਪਾਲ ਸਿੰਘ ਮਾਂਟੂ ਅਤੇ ਪ੍ਰਬੰਧਕ ਕਮੇਟੀ ਮੈਂਬਰ ਮੌਜੂਦ ਸਨ। ਇਸ ਮੌਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਅਮਰਪਾਲ ਸਿੰਘ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਹਲਕਾ ਸ੍ਰੀ ਹਰਰਗੋਬਿੰਦਪੁਰ ਦੇ ਅਕਾਲੀ ਦਲ ਦੇ ਇਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਨਿੱਘਾ ਸਵਾਗਤ ਕੀਤਾ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਵਿਆਹ ਪੁਰਬ ਸਮਾਗਮ ਦੇ ਮੁੱਖ ਪ੍ਰਬੰਧਕ ਤੇ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਵਿਚ 22 ਸਤੰਬਰ ਨੂੰ ਸਵੇਰੇ 6 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਇਸ ਮੌਕੇ ਹਲਕਾ ਬਟਾਲਾ ਤੋਂ ਅਕਾਲੀ ਦਲ ਦੇ ਇੰਚਾਰਜ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਐਸਜੀਪੀਸੀ ਦੇ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਨੇ ਸਵਾਗਤ ਕੀਤਾ।

ਮਾਤਾ ਸੁਲੱਖਣੀ ਜੀ ਦੇ ਪੇਕੇ ਘਰ ਬਟਾਲਾ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਿਹਾੜੇ ’ਤੇ ਦੁਲਹਨ ਵਾਂਗ ਸਜਾਇਆ ਗਿਆ ਹੈ। ਬਟਾਲਾ ਦੇ ਮੁੱਖ ਮਾਰਗ ਜਲੰਧਰ ਰੋਡ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅੰਮ੍ਰਿਤਸਰ ਅਤੇ ਗੁਰਦਾਸਪੁਰ ਰੋਡ ਨੂੰ ਜਿੱਥੇ ਰੰਗ ਬਿਰੰਗੀਆਂ ਲੜੀਆਂ ਨਾਲ ਰੁਸ਼ਨਾਇਆ ਗਿਆ ਹੈ, ਉਥੇ ਨਗਰ ਦੇ ਮੁੱਖ ਗੇਟ ਅਤੇ ਹੋਰ ਇਮਾਰਤਾਂ ਨੂੰ ਸ਼ਿੰਗਾਰਿਆ ਗਿਆ ਹੈ। ਨਗਰ ਨਿਗਮ ਕਮਿਸ਼ਨਰ ਸ਼ਾਇਰੀ ਭੰਡਾਰੀ ਨੇ ਸੰਗਤਾਂ ਨੂੰ ਵਿਆਹ ਪੁਰਬ ਸਮਾਗਮ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਕਰਨ ਲਈ ਕਿਹਾ।