ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸ਼ੁਰੂ

ਅੰਮ੍ਰਿਤਸਰ- ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਚੇਤਨਾ ਮਾਰਚ ਅੱਜ ਸ੍ਰੀ ਅਕਾਲ ਤਖ਼ਤ ਤੋਂ ਆਰੰਭਿਆ ਗਿਆ, ਜੋ ਭਲਕੇ 4 ਸਤੰਬਰ ਨੂੰ ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ। ਸ੍ਰੀ ਆਨੰਦਪੁਰ ਸਾਹਿਬ ਵਿਖੇ 5 ਸਤੰਬਰ ਨੂੰ ਅਖੰਡ ਪਾਠ ਦੇ ਭੋਗ ਪਾ ਕੇ ਜਨਮ ਦਿਵਸ ਮਨਾਇਆ ਜਾਵੇਗਾ। ਚੇਤਨਾ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਅੱਜ ਇੱਥੇ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਤੋਂ ਇਹ ਚੇਤਨਾ ਮਾਰਚ ਰਵਾਨਾ ਹੋਇਆ। ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਪਾਵਨ ਸਰੂਪ ਨੂੰ ਸਿਰ ’ਤੇ ਸੁਸ਼ੋਭਿਤ ਕਰਕੇ ਪਾਲਕੀ ਤੱਕ ਲੈ ਕੇ ਆਏ। ਇਸ ਮੌਕੇ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਬੈਂਡ ਪਾਰਟੀਆਂ ਅਤੇ ਸ਼ਬਦੀ ਜਥਿਆਂ ਨੇ ਕੀਰਤਨ ਕੀਤੇ। ਚੇਤਨਾ ਮਾਰਚ ਦੀ ਰਵਾਨਗੀ ਮੌਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੇ ਹੋਰ ਪਤਵੰਤੇ ਹਾਜ਼ਰ ਸਨ। ਟਰੱਸਟ ਦੇ ਚੇਅਰਮੈਨ ਜਸਵੰਤ ਸਿੰਘ ਨੇ ਦੱਸਿਆ ਕਿ ਇਹ 23ਵਾਂ ਚੇਤਨਾ ਮਾਰਚ ਹੈ, ਜੋ ਸ੍ਰੀ ਅਕਾਲ ਤਖ਼ਤ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਇਆ ਗਿਆ ਹੈ। ਇਹ ਚੇਤਨਾ ਮਾਰਚ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ, ਮਾਛੀਵਾੜਾ, ਸਮਰਾਲਾ, ਖੰਨਾ ਤੋਂ ਹੁੰਦਾ ਹੋਇਆ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿੱਚ ਰਾਤ ਦਾ ਠਹਿਰਾਅ ਕਰੇਗਾ। ਭਲਕੇ 4 ਸਤੰਬਰ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿੱਚ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਉਣ ਮਗਰੋਂ ਇਹ ਚੇਤਨਾ ਮਾਰਚ ਅਗਲੇ ਪੜਾਅ ਲਈ ਆਰੰਭ ਹੋਵੇਗਾ ਤੇ ਚਮਕੌਰ ਸਾਹਿਬ, ਗੁਰਦੁਆਰਾ ਭੱਠਾ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੇ ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਵਿਖੇ ਪਹੁੰਚੇਗਾ। ਅਗਲੇ ਦਿਨ 5 ਸਤੰਬਰ ਨੂੰ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਮਗਰੋਂ ਸਜਾਏ ਦੀਵਾਨ ਹਾਲ ਵਿੱਚ ਗੁਰਮਤਿ ਵਿਚਾਰਾਂ ਹੋਣਗੀਆਂ। ਦੋਵੇਂ ਦਿਨ ਰਾਤ ਵੇਲੇ ਨਾਟਕ ‘ਗੁਰੂ ਕੇ ਬੇਟੇ’ ਖੇਡਿਆ ਜਾਵੇਗਾ।