ਬਾਬਰੀ ਮਸਜਿਦ ਢਾਹੁਣ ਦੀ ਬਰਸੀ ਮੌਕੇ ਅਯੁੱਧਿਆ ’ਚ ਰਹੀ ਮੁਕੰਮਲ ਸ਼ਾਂਤੀ

ਬਾਬਰੀ ਮਸਜਿਦ ਢਾਹੁਣ ਦੀ ਬਰਸੀ ਮੌਕੇ ਅਯੁੱਧਿਆ ’ਚ ਰਹੀ ਮੁਕੰਮਲ ਸ਼ਾਂਤੀ

ਸਕੂਲ, ਕਾਲਜ ਤੇ ਦਫ਼ਤਰ ਆਮ ਵਾਂਗ ਖੁੱਲ੍ਹੇ; ਟਕਰਾਅ ਭੁਲਾ ਕੇ ਅੱਗੇ ਵਧਣ ਲੱਗੇ ਦੋਵੇਂ ਫ਼ਿਰਕੇ
ਅਯੁੱਧਿਆ- ਬਾਬਰੀ ਮਸਜਿਦ ਢਾਹੁਣ ਦੀ 30ਵੀਂ ਬਰਸੀ ਮੌਕੇ ਅੱਜ ਅਯੁੱਧਿਆ ’ਚ ਕੰਮਕਾਜ ਆਮ ਵਾਂਗ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਵਾਰ ਅੱਜ ਦੇ ਦਿਨ ਸ਼ਹਿਰ ਵਿਚ ਕਰਫਿਊ ਵਰਗੀ ਸਥਿਤੀ ਵੀ ਬਣਦੀ ਰਹੀ ਹੈ। ਪਰ ਅੱਜ ਸਕੂਲ, ਕਾਲਜ, ਦਫ਼ਤਰ ਤੇ ਹੋਰ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹੇ। ਹਾਲਾਂਕਿ ਪੁਲੀਸ ਨੇ ਪੂਰੀ ਚੌਕਸੀ ਵਰਤੀ। ਬਾਕੀ ਦਿਨਾਂ ਵਾਂਗ ਅੱਜ ਵੀ ਸਥਾਨਕ ਲੋਕ ਦਰਸ਼ਨਾਂ ਲਈ ਰਾਮ ਮੰਦਰ ਕੰਪਲੈਕਸ ਪਹੁੰਚੇ। ਵਿਸ਼ਵ ਹਿੰਦੂ ਪਰਿਸ਼ਦ ਨੇ ਨਾ ਤਾਂ ਪਹਿਲਾਂ ਵਾਂਗ ‘ਸ਼ੌਰਿਆ ਦਿਵਸ’ ਮਨਾਇਆ ਤੇ ਨਾ ਹੀ ਮੁਸਲਿਮ ਭਾਈਚਾਰੇ ਨੇ ਇਸ ਨੂੰ ‘ਕਾਲੇ ਦਿਨ’ ਦੇ ਤੌਰ ’ਤੇ ਮਨਾਇਆ। ਸੰਨ 2019 ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਰਾਮ ਜਨਮ ਭੂਮੀ ਜ਼ਮੀਨ ਵਿਵਾਦ ਦਾ ਅੰਤ ਹੋ ਗਿਆ ਸੀ, ਦੋਵਾਂ ਫ਼ਿਰਕਿਆਂ ਦੇ ਲੋਕ ਹੁਣ ਸ਼ਾਂਤੀ ਚਾਹੁੰਦੇ ਜਾਪਦੇ ਹਨ। ਗੁਜ਼ਰੇ ਸਾਲਾਂ ’ਚ ਕਈ ਵਾਰ ਅੱਜ ਦੇ ਦਿਨ ਅਯੁੱਧਿਆ ਕਿਲ੍ਹੇ ਵਿਚ ਤਬਦੀਲ ਹੁੰਦਾ ਰਿਹਾ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਅਯੁੱਧਿਆ ਦੇ ਐੱਸਐੱਸਪੀ ਮੁਨੀਰਾਜ ਜੀ ਨੇ ਕਿਹਾ ਕਿ ਸਾਵਧਾਨੀ ਵਰਤਦਿਆਂ ‘ਰੁਟੀਨ ਪ੍ਰਬੰਧ’ ਕੀਤੇ ਗਏ ਸਨ। –