ਬਾਗੜੀਆਂ ਦੀ ਪੁਸਤਕ ‘ਭਾਰਤ ’ਚ ਪੰਜਾਬ ਸਿੱਖ ਸਿਆਸਤ ਅਤੇ ਸਿੱਖ’ ਰਿਲੀਜ਼

ਬਾਗੜੀਆਂ ਦੀ ਪੁਸਤਕ ‘ਭਾਰਤ ’ਚ ਪੰਜਾਬ ਸਿੱਖ ਸਿਆਸਤ ਅਤੇ ਸਿੱਖ’ ਰਿਲੀਜ਼

ਚੰਡੀਗੜ੍ਹ- ਪੰਜਾਬ ਵਿੱਚ ਅਜੋਕੇ ਸਮੇਂ ਡੇਰਾਵਾਦ ਵਧ ਰਿਹਾ ਹੈ, ਜਿਸ ਦੇ ਚਲਦਿਆਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿਖਾਏ ਰਾਹ ’ਤੇ ਚੱਲਣ ਦੀ ਥਾਂ ਡੇਰਾਵਾਦ ਵਿੱਚ ਫਸਦੇ ਜਾ ਰਹੇ ਹਨ। ਇਹ ਪ੍ਰਗਟਾਵਾ ਉੱਘੇ ਲੇਖਕ ਅਸ਼ੋਕ ਸਿੰਘ ਬਾਗੜੀਆਂ ਨੇ ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਪਣੀ ਪੁਸਤਕ ‘ਭਾਰਤ ਵਿਚ ਪੰਜਾਬ ਸਿੱਖ ਸਿਆਸਤ ਅਤੇ ਸਿੱਖ’ ਦੇ ਰਿਲੀਜ਼ ਕਰਨ ਮੌਕੇ ਕੀਤਾ। ਪੁਸਤਕ ਰਿਲੀਜ਼ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸਵਰਨ ਸਿੰਘ ਬੋਪਾਰਾਏ ਨੇ ਕੀਤੀ। ਸ੍ਰੀ ਬਾਗੜੀਆਂ ਨੇ ਕਿਹਾ ਕਿ ਅੱਜ ਦੇ ਸਮੇਂ ਰਾਜਨੀਤਕ ਪਾਰਟੀਆਂ ਧਰਮ ਦੀ ਸਿਆਸਤ ਕਰਨ ਲੱਗੀਆਂ ਹਨ, ਜਿਸ ਕਰਕੇ ਸਮਾਜ ਵਿੱਚ ਆਪਸੀ ਪਾੜਾ ਵੱਧ ਰਿਹਾ ਹੈ। ਦੂਜੇ ਪਾਸੇ ਭਾਜਪਾ ਵੀ ਧਰਮ ਦੇ ਨਾਮ ’ਤੇ ਦੇਸ਼ ਭਰ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮ ਨੂੰ ਸਿਆਸਤ ਤੋਂ ਮੁਕਤ ਕਰਕੇ ਆਪਣੇ ਧਰਮ ਤੇ ਸਮਾਜ ਨੂੰ ਬਚਾਉਣ ਦੀ ਲੋੜ ਹੈ।

ਇਸ ਮੌਕੇ ਪੰਜਾਬੀ ਕਵੀ ਅਤੇ ਨਾਟਕਕਾਰ ਸਵਰਾਜਬੀਰ ਨੇ ਕਿਹਾ ਕਿ ਸਿੱਖੀ ਫਲਸਫੇ ਅਤੇ ਸਿਧਾਂਤ ਨੇ ਸਮਾਜਿਕ ਸਾਂਝੀਵਾਲਤਾ ਦਾ ਇਕ ਅਸਲੀ ਮਾਹੌਲ 17ਵੀਂ ਤੇ 18ਵੀਂ ਸਦੀ ਵਿੱਚ ਸਿਰਜਿਆ ਸੀ ਅਤੇ ਪੁਰਾਣੇ ਸਮਿਆਂ ਤੋਂ ਸੱਤਾਧਾਰੀ ਆਪਣੀ ਸੱਤਾ ਕਾਇਮ ਰੱਖਣ ਲਈ ਧਰਮ ਦੀ ਵਰਤੋਂ ਕਰਦੇ ਆ ਰਹੇ ਹਨ। ਡਾ. ਸਵਰਨ ਸਿੰਘ ਬੋਪਾਰਾਏ ਨੇ ਕਿਹਾ ਕਿ 1947 ਦੀ ਵੰਡ ਸਮੇਂ ਸਿਆਸੀ ਲੋਕਾਂ ਨੇ ਧਰਮਾਂ ਦੀ ਵੱਡੀ ਪੱਧਰ ਉੱਤੇ ਦੁਰਵਰਤੋਂ ਕੀਤੀ ਜਿਸ ਕਰਕੇ ਵੱਡੀ ਗਿਣਤੀ ਲੋਕ ਕਤਲ ਹੋਏ। ਪੰਜਾਬੀ ਤਾਂ 1947 ਦੇ ਦੁਖਾਂਤ ਨੂੰ ਭੁੱਲਦਿਆਂ ਹੁਣ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੀ ਸਾਂਝ ਨੂੰ ਤਾਂਘਦੇ ਹਨ ਪਰ ਅਫਸੋਸ ਹੈ ਕਿ ਅੱਜ ਪੜ੍ਹੇ-ਲਿਖੇ ਸਮਝਦਾਰ ਭਾਰਤੀ ਵੀ ਫਿਰਕਾਪ੍ਰਸਤੀ ਦੀ ਹਨੇਰੀ ਵਿੱਚ ਰੁੜ੍ਹ ਗਏ ਜਾਪਦੇ ਹਨ। ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਮਹੱਤਵਪੂਰਨ ਸਵਾਲ ਖੜ੍ਹੇ ਕਰਦੀ ਹੈ। ਪ੍ਰੋ. ਮਨਜੀਤ ਸਿੰਘ ਨੇ ਸਿੱਖ ਸਿਧਾਂਤਾਂ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਤੋਂ ਦੂਰ ਜਾ ਰਹੇ ਹਨ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਭਾਈ ਸਾਹਿਬ ਦੀ ਪੁਸਤਕ ਸਿੰਘ ਸਭਾ ਲਹਿਰ ਦੇ ਵਿਚਾਰਾਂ, ਸੁਧਾਰਾਂ ਦੀ ਪੁਰਜ਼ੋਰ ਪ੍ਰੋੜਤਾ ਕਰਦੀ ਹੈ ਅਤੇ ਬ੍ਰਾਹਮਣਵਾਦ, ਡੇਰਾਵਾਦ ਦੇ ਹਮਲਿਆਂ ਨੂੰ ਦਲੇਰੀ ਨਾਲ ਸਾਹਮਣੇ ਲਿਆਉਂਦੀ ਹੈ। ਇਸ ਮੌਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਡਾ. ਖੁਸ਼ਹਾਲ ਸਿੰਘ ਨੇ ਕੀਤਾ।