ਬਾਈਡੇਨ ਨੇ ਯੂਕ੍ਰੇਨ ਲਈ 40 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਨੂੰ ਦਿੱਤੀ ਮਨਜ਼ੂਰੀ

ਬਾਈਡੇਨ ਨੇ ਯੂਕ੍ਰੇਨ ਲਈ 40 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ : ਅਮਰੀਕਾ ਦੇ ਰਾਸਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ 40 ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦੇ ਪ੍ਰਸਤਾਵ ’ਤੇ ਹਸਤਾਖਰ ਕਰਕੇ ਮਨਜੂਰੀ ਦੇ ਦਿੱਤੀ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਖਿਲਾਫ ਅਮਰੀਕਾ ਇੱਕ ਸੰਯੁਕਤ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦੀ ਉਧਾਰ ਦੇਣ ਦੀ ਇਸ ਨੀਤੀ ਨੇ ਦੂਜੇ ਵਿਸਵ ਯੁੱਧ ਵਿੱਚ ਨਾਜੀ ਜਰਮਨੀ ਨੂੰ ਹਰਾਉਣ ਵਿੱਚ ਮਦਦ ਕੀਤੀ ਸੀ। ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਇਸ ਵਿੱਤੀ ਸਹਾਇਤਾ ਨੂੰ ਅਮਰੀਕਾ ਦੀਆਂ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਨੇਤਾਵਾਂ ਨੇ ਮਨਜੂਰੀ ਦਿੱਤੀ ਹੈ। ਅਮਰੀਕੀ ਕਾਂਗਰਸ ਨੇ ਰੂਸ ਵਿਰੁੱਧ ਜੰਗ ਲੜਨ ਲਈ ਯੂਕ੍ਰੇਨ ਨੂੰ ਅਰਬਾਂ ਡਾਲਰ ਦੀ ਸਹਾਇਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਵੱਲੋਂ ਯੂਕ੍ਰੇਨ ਨੂੰ 40 ਬਿਲੀਅਨ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਾਈ ਜਾਵੇਗੀ। ਹਾਲਾਂਕਿ, ਰਾਸ਼ਟਰਪਤੀ ਬਾਈਡੇਨ ਨੇ ਕਾਂਗਰਸ ਨੂੰ 33 ਬਿਲੀਅਨ ਡਾਲਰ ਦੀ ਰਕਮ ਪ੍ਰਦਾਨ ਕਰਨ ਦੀ ਬੇਨਤੀ ਕੀਤੀ। ਅਮਰੀਕਾ ਦੇ ਇਸ ਕਦਮ ਨੂੰ 9 ਮਈ ਨੂੰ ਵਿਜੇ ਦਿਵਸ ਪਰੇਡ ਦੌਰਾਨ ਰੂਸ ਵੱਲੋਂ ਤਾਕਤ ਦੇ ਪ੍ਰਦਰਸ਼ਨ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 9 ਮਈ 1945 ਨੂੰ ਜਰਮਨੀ ਨੇ ਬਿਨਾਂ ਸਰਤ ਆਤਮ ਸਮਰਪਣ ਕਰ ਦਿੱਤਾ ਸੀ।
ਬਾਈਡੇਨ ਨੇ ਮਤੇ ’ਤੇ ਦਸਤਖਤ ਕਰਨ ਤੋਂ ਬਾਅਦ ਇਕ ਬਿਆਨ ਵਿਚ ਕਿਹਾ ਕਿ ਇਹ ਸਹਾਇਤਾ ਯੁੱਧ ਦੇ ਮੈਦਾਨ ਵਿਚ ਯੂਕ੍ਰੇਨ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਬਾਈਡੇਨ ਨੇ ਅੱਗੇ ਕਿਹਾ ਕਿ ਸੰਸਦ ਨੂੰ 10 ਦਿਨਾਂ ਦੇ ਅੰਦਰ ਅਗਲੇ ਯੂਕ੍ਰੇਨ ਸਹਾਇਤਾ ਪੈਕੇਜ ਨੂੰ ਮਨਜੂਰੀ ਦੇਣੀ ਚਾਹੀਦੀ ਹੈ ਤਾਂ ਜੋ ਯੂਕ੍ਰੇਨ ਨੂੰ ਯੁੱਧ ਲੜਨ ਵਿੱਚ ਸਹਾਇਤਾ ਲਈ ਭੇਜੇ ਜਾ ਰਹੇ ਫੌਜੀ ਉਪਕਰਣਾਂ ਦੀ ਸਪਲਾਈ ਵਿੱਚ ਕਿਸੇ ਵੀ ਵਿਘਨ ਤੋਂ ਬਚਿਆ ਜਾ ਸਕੇ।