ਬਾਇਡਨ ਵੱਲੋਂ ਭਾਰਤ, ਜਰਮਨੀ ਤੇ ਜਾਪਾਨ ਨੂੰ ਸਥਾਈ ਮੈਂਬਰੀ ਦੇਣ ਦੀ ਵਕਾਲਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ, ਜਰਮਨੀ ਤੇ ਜਾਪਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸਥਾਈ ਨੁਮਾਇੰਦਗੀ ਦੇਣ ਦੀ ਵਕਾਲਤ ਕੀਤੀ ਹੈ। ਵ੍ਹਾਈਟ ਹਾਊਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪਾਸੇ ਅਜੇ ਬਹੁਤ ਕੰਮ ਕਰਨ ਦੀ ਲੋੜ ਹੈ। ਅਧਿਕਾਰੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਅਸੀਂ ਭਾਰਤ, ਜਰਮਨੀ ਤੇ ਜਾਪਾਨ ਨੂੰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਾਉਣ ਦੀ ਪਹਿਲਾਂ ਵੀ ਵਕਾਲਤ ਕਰਦੇ ਰਹੇ ਹਾਂ ਤੇ ਅੱਗੋਂ ਵੀ ਕਰਾਂਗੇ।’’ ਬਾਇਡਨ ਨੇ ਯੂਐੱਨ ਆਮ ਸਭਾ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਯੂਐੱਨ ਸੁਰੱਖਿਆ ਕੌਂਸਲ ’ਚ ਸੁਧਾਰ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਸੀ।

ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਭਾਰਤ, ਜਾਪਾਨ, ਬ੍ਰਾਜ਼ੀਲ ਤੇ ਉਨ੍ਹਾਂ ਦੇ ਆਪਣੇ ਮੁਲਕ ਨੂੰ ਹੁਣ ਤੱਕ ਯੂਐੱਨ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਨਾ ਬਣਾਉਣ ’ਤੇ ਉਜਰ ਜਤਾਇਆ ਹੈ। ਉਨ੍ਹਾਂ ਕਿਹਾ ਕਿ ‘ਇਕ ਦਿਨ ਆਏਗਾ ਜਦੋਂ ਇਸ ਮਸਲੇ ਦਾ ਨਿਬੇੜਾ ਹੋਵੇਗਾ।’’ ਯੂਕਰੇਨੀ ਸਦਰ ਯੂਐੱਨ ਆਮ ਸਭਾ ਦੇ ਇਜਲਾਸ ਨੂੰ ਪਹਿਲਾਂ ਰਿਕਾਰਡ ਸੁਨੇਹੇ ਜ਼ਰੀਏ ਸੰਬੋਧਨ ਕਰ ਰਹੇ ਸਨ।