ਬਾਇਡਨ ਨੇ ਟਰੰਪ ਖ਼ਿਲਾਫ਼ ਕਾਰਵਾਈ ਲਈ ਕਿਹਾ ਤਾਂ ਅਸਤੀਫ਼ਾ ਦੇ ਦਿਆਂਗਾ: ਅਟਾਰਨੀ ਜਨਰਲ

ਬਾਇਡਨ ਨੇ ਟਰੰਪ ਖ਼ਿਲਾਫ਼ ਕਾਰਵਾਈ ਲਈ ਕਿਹਾ ਤਾਂ ਅਸਤੀਫ਼ਾ ਦੇ ਦਿਆਂਗਾ: ਅਟਾਰਨੀ ਜਨਰਲ

ਵਾਸ਼ਿੰਗਟਨ- ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਜੋਅ ਬਾਇਡਨ ਉਨ੍ਹਾਂ ਨੂੰ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰ ਡੋਨਲਡ ਟਰੰਪ ਵਿਰੁੱਧ ਕਾਰਵਾਈ ਕਰਨ ਲਈ ਕਹਿਣਗੇ ਤਾਂ ਉਹ ਅਸਤੀਫ਼ਾ ਦੇ ਦੇਣਗੇ। ਗਾਰਲੈਂਡ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਜਿਹਾ ਮੌਕਾ ਆਵੇਗਾ। ਸੀਬੀਐੱਸ ਨੂੰ ਦਿੱਤੀ ਇੰਟਰਵਿਊ ਵਿਚ ਅਟਾਰਨੀ ਜਨਰਲ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਅਜਿਹਾ ਨਹੀਂ ਹੋਵੇਗਾ, ਤੇ ਜੇ ਲੋੜ ਪਈ ਤਾਂ ਉਹ ਅਸਤੀਫਾ ਦੇ ਦੇਣਗੇ।’ ਜ਼ਿਕਰਯੋਗ ਹੈ ਕਿ ਨਿਆਂ ਵਿਭਾਗ ਟਰੰਪ ਖ਼ਿਲਾਫ਼ 2020 ਦੀਆਂ ਚੋਣਾਂ ਸਬੰਧੀ ਕਾਨੂੰਨੀ ਕਾਰਵਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਰੁੱਧ ਖੁਫ਼ੀਆ ਦਸਤਾਵੇਜ਼ਾਂ ਨੂੰ ਗਲਤ ਢੰਗ ਨਾਲ ਆਪਣੇ ਕੋਲ ਰੱਖਣ ਦੇ ਮਾਮਲੇ ਵਿਚ ਵੀ ਕਾਰਵਾਈ ਚੱਲ ਰਹੀ ਹੈ। ਗਾਰਲੈਂਡ ਨੇ ਵੱਖ-ਵੱਖ ਮਾਮਲਿਆਂ ਵਿਚ ਤਿੰਨ ਵਿਸ਼ੇਸ਼ ਵਕੀਲ ਨਿਯੁਕਤ ਕੀਤੇ ਹਨ। ਅਟਾਰਨੀ ਜਨਰਲ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਟਰੰਪ ਖਿਲਾਫ਼ ਇਹ ਕਾਰਵਾਈ 2024 ਵਿਚ ਉਨ੍ਹਾਂ (ਟਰੰਪ) ਦੀਆਂ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ੁਰੂ ਕੀਤੀ ਗਈ ਹੈ। ਗਾਰਲੈਂਡ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ ਤੇ ਇਸਤਗਾਸਾ ਪੱਖ ਪੂਰੀ ਤਰ੍ਹਾਂ ਨਿਰਪੱਖ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰਾਸ਼ਟਰਪਤੀ ਨੇ ਕਦੇ ਵੀ ਜਾਂਚ ਵਿਚ ਦਖਲ ਨਹੀਂ ਦਿੱਤਾ। ਅਟਾਰਨੀ ਜਨਰਲ ਨੇ ਨਾਲ ਹੀ ਰਿਪਬਲਿਕਨਾਂ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਉਹ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਉਤੇ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੇ।