ਬਹਿਸ ਵਿੱਚ ਹਿੱਸਾ ਨਹੀਂ ਲਵੇਗਾ ਅਕਾਲੀ ਦਲ: ਚੰਦੂਮਾਜਰਾ

ਬਹਿਸ ਵਿੱਚ ਹਿੱਸਾ ਨਹੀਂ ਲਵੇਗਾ ਅਕਾਲੀ ਦਲ: ਚੰਦੂਮਾਜਰਾ

ਚੰਡੀਗੜ੍ਹ/ਐੱਸਏਐੱਸ ਨਗਰ (ਮੁਹਾਲੀ) – ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ’ਚ ਵੰਡੀਆਂ ਪਾਉਣ ਲਈ ਪਹਿਲੀ ਨਵੰਬਰ ਨੂੰ ਬਹਿਸ ਦਾ ਡਰਾਮਾ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਪੰਜਾਬ ਵਿਰੋਧੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕੇਂਦਰੀ ਸਰਵੇਖਣ ਟੀਮਾਂ ਦੇ ਪਹਿਲੀ ਨਵੰਬਰ ਨੂੰ ਪੰਜਾਬ ਪਹੁੰਚਣ ਦੇ ਆਸਾਰ ਹਨ। ਇਸ ਲਈ ਉਨ੍ਹਾਂ ਦਾ ਪੂਰਾ ਧਿਆਨ ਇਹ ਯਕੀਨੀ ਬਣਾਉਣ ’ਤੇ ਰਹੇਗਾ ਕਿ ਇਹ ਟੀਮਾਂ ਪੰਜਾਬ ਦੀ ਧਰਤੀ ’ਤੇ ਕੋਈ ਸਰਵੇਖਣ ਨਾ ਕਰਨ। ਇਸ ਲਈ ਉਹ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦੀ ਉਸਾਰੀ ਲਈ ਕੋਈ ਵੀ ਸਰਵੇਖਣ ਨਹੀਂ ਹੋਣ ਦੇਣਗੇ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵੱਲੋਂ ਵਰਕਰਾਂ ਦੇ ਉਡਣ ਦਸਤੇ ਤਿਆਰ ਕੀਤੇ ਗਏ ਹਨ ਜੋ ਕੀਰਤਪੁਰ ਸਾਹਿਬ ਨੇੜੇ (ਐੱਸਵਾਈਐਲ ਸ਼ੁਰੂ ਹੋਣ ਵਾਲੀ ਥਾਂ) ਅਤੇ ਕਪੂਰੀ (ਜਿੱਥੇ ਇਸ ਨਹਿਰ ਦਾ ਪੰਜਾਬ ਦਾ ਖੇਤਰ ਖ਼ਤਮ ਹੁੰਦਾ ਹੈ) ਵਿੱਚ ਤਾਇਨਾਤ ਰਹਿਣਗੇ ਅਤੇ ਕੇਂਦਰੀ ਟੀਮਾਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲੀ ਨਵੰਬਰ ਨੂੰ ਬਹਿਸ ਦਾ ਡਰਾਮਾ ਕਰ ਰਹੇ ਹਨ। ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਵਾਸੀਆਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਦਾ ਹਿੱਸਾ ਬਣ ਕੇ ਰਹਿ ਗਏ ਹਨ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਨੇ ਐੱਸਵਾਈਐੱਲ ’ਤੇ ਬਹਿਸ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਮਾਮਲੇ ’ਤੇ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਤੋਂ ਮਹੀਨੇ ਬਾਅਦ ਰੱਖੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਦਰਿਆਈ ਪਾਣੀਆਂ ਦੀ ਰਾਖੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਦੇ ਹਿੱਤਾਂ ਦੀ ਰਾਖੀ ਵਿੱਚ ਦਿਲਚਸਪੀ ਰੱਖਦੇ ਹੁੰਦੇ ਤਾਂ ਉਹ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਸਾਂਝਾ ਮੁਹਾਜ਼ ਬਣਾਉਣ ਲਈ ਸਰਬ ਪਾਰਟੀ ਮੀਟਿੰਗ ਸੱਦ ਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਐਡਵੋਕੇਟ ਜਨਰਲ ਤੋਂ ਅਸਤੀਫ਼ਾ ਲੈ ਲਿਆ ਤਾਂ ਜੋ ਕੇਸ ਦੀ ਸਹੀ ਸੁਣਵਾਈ ਨਾ ਹੋ ਸਕੇ।