ਬਹਿਬਲ ਗੋਲੀ ਕਾਂਡ – ਸੱਤ ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਦੀ ਉਡੀਕ

ਬਾਦਲਾਂ ਕੋਲੋਂ ਪੁੱਛ-ਪੜਤਾਲ ਕਰਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
ਫਰੀਦਕੋਟ – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਦੇ ਪੀੜਤ 7 ਸਾਲ ਬਾਅਦ ਵੀ ਇਨਸਾਫ਼ ਲੈਣ ਲਈ ਸੜਕਾਂ ’ਤੇ ਬੈਠੇ ਹਨ। ਇਸ ਸਬੰਧੀ ਸ਼ੁਰੂ ਹੋਈਆਂ ਪੜਤਾਲਾਂ ਅਤੇ ਦਰਜ ਹੋਏ ਪਰਚੇ ਕਿਸੇ ਤਣ-ਪੱਤਣ ਨਹੀਂ ਲੱਗੇ। ਦੱਸਣਯੋਗ ਹੈ ਕਿ ਪਿੰਡ ਬਹਿਬਲ ਕਲਾਂ ਵਿੱਚ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਲੈ ਕੇ ਸ਼ਾਂਤਮਈ ਧਰਨੇ ’ਤੇ ਬੈਠੀ ਸਿੱਖ ਸੰਗਤ ’ਤੇ 14 ਅਕਤੂਬਰ 2015 ਨੂੰ ਉੱਚ ਪੁਲੀਸ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਇਸ ਗੋਲੀ ਕਾਂਡ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕੁਝ ਵਿਅਕਤੀ ਜ਼ਖ਼ਮੀ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਵਾਪਰੇ ਇਸ ਗੋਲੀ ਕਾਂਡ ਨੇ ਪੰਜਾਬ ਦੇ ਸਿਆਸੀ ਹਾਲਾਤ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਗੋਲੀ ਕਾਂਡ ਦੀ ਜਾਂਚ ਲਈ 7 ਦੇ ਕਰੀਬ ਟੀਮਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਅਜੇ ਵੀ ਪੜਤਾਲ ਅਧੂਰੀ ਹੈ। ਕਾਂਗਰਸ ਸਰਕਾਰ ਨੇ ਇਸ ਗੋਲੀ ਕਾਂਡ ਦੀ ਪੜਤਾਲ ਲਈ ਜਾਂਚ ਟੀਮ ਦਾ ਗਠਨ ਕੀਤਾ ਸੀ ਅਤੇ ਇਸ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਅਤੇ ਕੁਝ ਸਿਆਸੀ ਆਗੂਆਂ ਨੂੰ ਬਹਿਬਲ ਗੋਲੀ ਕਾਂਡ ਦੀ ਸਾਜਿਸ਼ ਰਚਣ ਦਾ ਕਸੂਰਵਾਰ ਮੰਨਿਆ ਸੀ ਅਤੇ ਇਸ ਸਬੰਧੀ ਚਾਰਜਸ਼ੀਟ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਵੀ ਕਰ ਦਿੱਤੀ ਸੀ। ਪੰਜਾਬ ਸਰਕਾਰ ਨੇ ਇਸੇ ਆਧਾਰ ’ਤੇ ਆਈਜੀ ਉਮਰਾਨੰਗਲ ਨੂੰ ਮੁਅੱਤਲ ਵੀ ਕਰ ਦਿੱਤਾ ਸੀ ਪਰ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਸ਼ੁਰੂ ਹੋਇਆ ਮੁਕੱਦਮਾ ਕਿਸੇ ਅੰਜਾਮ ’ਤੇ ਨਹੀਂ ਪੁੱਜ ਸਕਿਆ।

ਇਨਸਾਫ਼ ਲਈ ਲੱਗੇ ਮੋਰਚੇ ਦੀ ਅਗਵਾਈ ਕਰ ਰਹੇ ਮ੍ਰਿਤਕ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਕਿਹਾ ਕਿ ਗੋਲੀ ਕਾਂਡ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿੱਚ ਬਣੀਆਂ ਹਨ ਉਨ੍ਹਾਂ ਨੇ ਇਨਸਾਫ਼ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਭਲਕੇ 14 ਅਕਤੂਬਰ ਨੂੰ ਨੈਸ਼ਨਲ ਹਾਈਵੇ ਉੱਪਰ ਕੋਲੀ ਕਾਂਡ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਪਾਠ ਦੇ ਭੋਗ ਪਾਏ ਜਾਣਗੇ। ਜਿਸ ਵਿੱਚ ਪੰਜਾਬ ਭਰ ਤੋਂ ਸਿੱਖ ਸੰਗਤ ਦੇ ਪੁੱਜਣ ਦੀ ਸੰਭਾਵਨਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਸ਼ਰਧਾਂਜਲੀ ਸਮਾਗਮ ਤੋਂ ਐਨ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁੱਛ-ਪੜਤਾਲ ਲਈ ਸੱਦ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਗੋਲੀਆਂ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਹਰਕਤ ਵਿੱਚ ਹੈ।

ਕੋਟਕਪੂਰਾ ਗੋਲੀ ਕਾਂਡ ਦੇ ਵਿਰੋਧ ਵਿੱਚ ਇਨਸਾਫ਼ ਮਾਰਚ

ਕੋਟਕਪੂਰਾ : ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਸੱਤ ਸਾਲ ਪਹਿਲਾਂ ਵਾਪਰੇ ਬੇਅਦਬੀ ਕਾਂਡ ਤੇ ਮਗਰੋਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਤਹਿਤ ਅੱਜ ਗੁਰਦੁਆਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ ਜੋਗੇਵਾਲ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਇਨਸਾਫ਼ ਮਾਰਚ ਕੱਢਿਆ ਗਿਆ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਅੱਜ ਸਵੇਰੇ ਵੱਡੀ ਗਿਣਤੀ ਸੰਗਤ ਇਕੱਤਰ ਹੋਈ ਤੇ ਇਥੋਂ ਅਰਦਾਸ ਕਰਕੇ ਮਾਰਚ ਆਰੰਭਿਆ ਗਿਆ, ਜੋ ਮੱਲ ਕੇ, ਸਾਹੋ ਕੇ ਤੇ ਪੰਜਗਰਾਈਂ ਤੋਂ ਹੁੰਦਾ ਹੋਇਆ ਕੋਟਕਪੂਰਾ ਦੇ ਬੱਤੀਆਂ ਵਾਲੇ ਉਸ ਚੌਕ ਵਿੱਚ ਪਹੁੰਚਿਆ, ਜਿਥੇ ਗੋਲੀਕਾਂਡ ਦੀ ਘਟਨਾ ਵਾਪਰੀ ਸੀ। ਬੱਤੀਆਂ ਵਾਲੇ ਚੌਕ ਵਿੱਚ ਸਿੱਖ ਆਗੂਆਂ ਨੇ ਤਕਰੀਰਾਂ ਕਰਦਿਆਂ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਕੋਈ ਵੀ ਸਰਕਾਰ ਇਸ ਕੇਸ ਵਿੱਚ ਇਨਸਾਫ਼ ਨਹੀਂ ਦਿਵਾ ਸਕੀ, ਸਗੋਂ ਹਰੇਕ ਸਿਆਸੀ ਪਾਰਟੀ ਵੱਲੋਂ ਸਿਰਫ਼ ਇਸ ਮੁੱਦੇ ਦਾ ਲਾਹਾ ਹੀ ਲਿਆ ਗਿਆ ਹੈ। ਸੂਬਾ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਆਗੂਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਚਾਰ ਘੰਟਿਆਂ ਵਿੱਚ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ, ਪਰ ਮਾਨ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਮਗਰੋਂ ਆਪਣਾ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ। ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਰਕਾਰਾਂ ਨੇ ਸਿੱਖ ਕੌਮ ਨੂੰ ਇਨਸਾਫ ਤਾਂ ਕੀ ਦੇਣਾ ਸੀ, ਸਗੋਂ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰੇ ਦਾ ਕੇਸ ਲੜਣ ਵਾਲੇ ਨੂੰ ਐਡਵੋਕਟ ਜਰਨਲ ਬਣਾਇਆ ਗਿਆ ਤੇ ਡੇਰਾ ਮੁਖੀ ਸਾਧ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਦਿਲ ਦੁਖਾਏ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬਣਾਈਆਂ ਗਈਆਂ ਵਿਸ਼ੇਸ਼ ਜਾਂਚ ਟੀਮਾਂ ਵੀ ਤੋਂ ਵੀ ਹੁਣ ਕੋਈ ਆਸ ਨਹੀਂ ਰਹੀ। ਇਸੇ ਦੌਰਾਨ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਬਹਿਬਲ ਕਲਾਂ ਵਿੱਚ ਬੇਅਦਬੀ ਇਨਸਾਫ ਮੋਰਚੇ ਵੱਲੋਂ ਭਲਕੇ 14 ਅਕਤੂਬਰ ਨੂੰ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦਾ ਸ਼ਰਧਾਂਜਲੀ ਸਮਾਗਮ ਮਨਾਇਆ ਜਾ ਰਿਹਾ ਹੈ। ਗੋਲੀਕਾਂਡ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਸਰਕਾਰਾਂ ਦੇ ਰਵੱਈਏ ਨੂੰ ਵੇਖਦਿਆਂ ਸਖ਼ਤ ਫੈਸਲਾ ਲੈੈਂਦਿਆਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।