ਬਹਿਬਲ ਗੋਲੀ ਕਾਂਡ ਦੀ ਸੁਣਵਾਈ ਰੁਕੀ

ਬਹਿਬਲ ਗੋਲੀ ਕਾਂਡ ਦੀ ਸੁਣਵਾਈ ਰੁਕੀ

ਫ਼ਰੀਦਕੋਟ – ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਅੱਜ ਬਹਿਬਲ ਗੋਲੀ ਕਾਂਡ ਵਿੱਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋਣ ਸਬੰਧੀ ਸੁਣਵਾਈ ਹੋਣੀ ਸੀ ਪਰ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਨਾ ਕਰਨ ਕਰਕੇ ਬਹਿਬਲ ਗੋਲੀ ਕਾਂਡ ਦੀ ਵੀ ਸੁਣਵਾਈ ਨਹੀਂ ਹੋ ਸਕੀ। ਦੱਸਣਯੋਗ ਹੈ ਕਿ 6 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਰੀਦਕੋਟ ਦੀ ਅਦਾਲਤ ਨੂੰ ਆਦੇਸ਼ ਦਿੱਤੇ ਸਨ ਕਿ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਕੀਤੀ ਜਾਵੇ। ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਹੋ ਰਹੀ ਹੈ ਪਰ ਇਸ ਟੀਮ ਨੇ ਅਜੇ ਤੱਕ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ। ਫ਼ਰੀਦਕੋਟ ਦੀ ਅਦਾਲਤ ਨੇ ਇਹ ਸਾਰੀ ਪ੍ਰਕਿਰਿਆ 20 ਅਗਸਤ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਸੁਣਵਾਈ ਦੌਰਾਨ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਇਲਾਵਾ ਬਾਕੀ ਸਾਰੇ ਮੁਲਜ਼ਮ ਅਦਾਲਤ ਵਿੱਚ ਹਾਜ਼ਰ ਸਨ। ਸੁਮੇਧ ਸੈਣੀ ਨੇ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਦੂਜੇ ਪਾਸੇ ਪੰਜਾਬ ਦੇ ਐਡਵੋਕੇਟ ਜਰਨਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਪਾ ਕੇ ਅਦਾਲਤ ਤੋਂ ਪੁੱਛਿਆ ਹੈ ਕਿ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਹੀ ਕੀਤੀ ਜਾਣੀ ਹੈ ਜਾਂ ਅਦਾਲਤ ਇਸ ਨੂੰ ਵੱਖ ਵੱਖ ਤਰੀਕਾਂ ’ਤੇ ਵੀ ਸੁਣ ਸਕਦੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ਵਿੱਚ ਪਹਿਲਾਂ ਹੀ 9 ਚਲਾਨ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ ਜਦਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਚਲਾਨ ਅਜੇ ਤੱਕ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਵੀ ਪੇਸ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਗਲੇ ਇੱਕ ਹਫ਼ਤੇ ਅੰਦਰ ਅਦਾਲਤ ਫ਼ੈਸਲੇ ਤੇ ਹਦਾਇਤਾਂ ਬਾਰੇ ਸਪੱਸ਼ਟ ਕਰ ਦੇਵੇਗੀ ਅਤੇ ਉਸ ਤੋਂ ਬਾਅਦ ਪੜਤਾਲ ਟੀਮਾਂ ਆਪਣਾ ਕੰਮ ਮੁਕੰਮਲ ਕਰ ਲੈਣਗੀਆਂ।