ਬਹਿਬਲ ਗੋਲੀ ਕਾਂਡ: ਕੁੰਵਰ ਵਿਜੈ ਪ੍ਰਤਾਪ ਖਿ਼ਲਾਫ਼ ਅਦਾਲਤ ਪੁੱਜੇ 7 ਗਵਾਹ

ਬਹਿਬਲ ਗੋਲੀ ਕਾਂਡ: ਕੁੰਵਰ ਵਿਜੈ ਪ੍ਰਤਾਪ ਖਿ਼ਲਾਫ਼ ਅਦਾਲਤ ਪੁੱਜੇ 7 ਗਵਾਹ

ਅਦਾਲਤ ਵੱਲੋਂ ਐੱਸਐੱਚਓ ਨੂੰ ਤਿੰਨ ਜੁਲਾਈ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ; ਗਵਾਹਾਂ ਵੱਲੋਂ ਦੁਬਾਰਾ ਬਿਆਨ ਦਰਜ ਕਰਨ ਦੀ ਅਪੀਲ
ਫ਼ਰੀਦਕੋਟ – ਬਹਿਬਲ ਗੋਲੀ ਕਾਂਡ ਦੇ ਸੱਤ ਗਵਾਹਾਂ ਨੇ ਇੱਥੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਲਿਖਤੀ ਦਰਖ਼ਾਸਤ ਦੇ ਕੇ ਇਲਜ਼ਾਮ ਲਾਇਆ ਹੈ ਕਿ ਬਹਿਬਲ ਗੋਲੀ ਕਾਂਡ ਦੀ ਪੜਤਾਲ ਕਰਨ ਵਾਲੇ ਤਤਕਾਲੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਥਿਤ ਉਨ੍ਹਾਂ ਦੇ ਬਿਆਨਾਂ ਨਾਲ ਛੇੜਛਾੜ ਕੀਤੀ ਹੈ ਅਤੇ ਬਿਆਨ ਨੂੰ ਤੋੜ-ਮਰੋੜ ਕੇ ਲਿਖਿਆ ਗਿਆ ਹੈ। ਬਹਿਬਲ ਗੋਲੀ ਕਾਂਡ ਦੇ ਚਸ਼ਮਦੀਦ ਪ੍ਰਭਦੀਪ ਸਿੰਘ, ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ, ਸੁਖਰਾਜ ਸਿੰਘ ਅਤੇ ਮਹਿੰਦਰ ਸਿੰਘ ਆਪਣੀ ਲਿਖਤੀ ਦਰਖ਼ਾਸਤ ਵਿੱਚ ਆਖਿਆ ਕਿ ਆਈਜੀ ਵਿਜੈ ਪ੍ਰਤਾਪ ਸਿੰਘ ਨੇ ਥਾਣਾ ਸਿਟੀ ਕੋਟਕਪੂਰਾ ਦੇ ਐੱਸਐੱਚਓ ਗੁਰਦੀਪ ਪੰਧੇਰ ਅਤੇ ਸੁਹੇਲ ਸਿੰਘ ਬਰਾੜ ਨੂੰ ਰੰਜਿਸ਼ ਤਹਿਤ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਜਦਕਿ ਉਹ ਘਟਨਾ ਦੇ ਗਵਾਹ ਸਨ।

ਆਪਣੇ ਵਕੀਲਾਂ ਰਾਹੀਂ ਦਾਇਰ ਕੀਤੀ ਅਰਜ਼ੀ ਵਿੱਚ ਇਨ੍ਹਾਂ ਗਵਾਹਾਂ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਜਾਂਚ ਅਧਿਕਾਰੀ ਵਿਜੈ ਪ੍ਰਤਾਪ ਨੇ ਗੁਰਸੇਵਕ ਸਿੰਘ ਭਾਣਾ, ਸੁਖਦੇਵ ਸਿੰਘ ਲੰਭਵਾਲੀ ਅਤੇ ਨਿਰਮਲ ਸਿੰਘ ਨੂੰ ਬਹਿਬਲ ਗੋਲੀ ਕਾਂਡ ਵਿੱਚ ਚਸ਼ਮਦੀਦ ਵਜੋਂ ਉਨ੍ਹਾਂ ਦੇ ਬਿਆਨ ਲਿਖੇ ਹਨ ਜਦਕਿ ਇਹ ਤਿੰਨੇ ਮੌਕੇ ’ਤੇ ਹਾਜ਼ਰ ਨਹੀਂ ਸਨ। ਸਾਬਕਾ ਆਈਜੀ ਨੇ ਆਪਣੀ ਮਨਘੜਤ ਕਹਾਣੀ ਮਜ਼ਬੂਤ ਕਰਨ ਲਈ ਨਕਲੀ ਗਵਾਹ ਤਿਆਰ ਕੀਤੇ।

ਡਿਊਟੀ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਨੇ ਗਵਾਹਾਂ ਵੱਲੋਂ ਦਿੱਤੀ ਅਰਜ਼ੀ ’ਤੇ ਕਾਰਵਾਈ ਕਰਦਿਆਂ ਐੱਸਐੱਚਓ ਬਾਜਾਖਾਨਾ ਨੂੰ ਆਦੇਸ਼ ਦਿੱਤੇ ਹਨ ਕਿ ਉਹ ਤਿੰਨ ਜੁਲਾਈ ਤੱਕ ਆਪਣੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ। ਦਰਖ਼ਾਸਤ ਦੇਣ ਵਾਲੇ ਗਵਾਹਾਂ ਨੇ ਮੰਗ ਕੀਤੀ ਹੈ ਕਿ ਬਹਿਬਲ ਗੋਲੀ ਕਾਂਡ ਵਿੱਚ ਉਨ੍ਹਾਂ ਦੇ ਦੁਬਾਰਾ ਬਿਆਨ ਲਿਖੇ ਜਾਣ ਤਾਂ ਜੋ ਬਹਿਬਲ ਗੋਲੀ ਕਾਂਡ ਵਿੱਚ ਦੋ ਬੇਕਸੂਰ ਸਿੱਖਾਂ ਦਾ ਕਤਲ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਈ ਜਾ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਰਿਪੋਰਟ ਵੀ ਹਾਈ ਕੋਰਟ ਰੱਦ ਕਰ ਚੁੱਕੀ ਹੈ। ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੜਤਾਲ ਰਿਪੋਰਟ ਗ਼ੈਰਕਾਨੂੰਨੀ ਹੈ। ਇਸ ਅਧਿਕਾਰੀ ਨੇ ਪੜਤਾਲ ਦੇ ਨਾਮ ’ਤੇ ਕੁਦਰਤੀ ਇਨਸਾਫ਼ ਪ੍ਰਣਾਲੀ ਦਾ ਘਾਣ ਕੀਤਾ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਹੁਣ ਤੱਕ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਦੀ ਪੜਤਾਲ ਰਿਪੋਰਟ ਤੱਥਾਂ ਅਤੇ ਗਵਾਹਾਂ ਦੇ ਆਧਾਰ ’ਤੇ ਹੈ ਅਤੇ ਉਸ ਨੇ ਕੌਮਾਂਤਰੀ ਪੈਮਾਨੇ ’ਤੇ ਪੜਤਾਲ ਕੀਤੀ ਹੈ।

ਇਹ ਵੱਡੇ ਮੁਲਜ਼ਮਾਂ ਨੂੰ ਬਚਾਉਣ ਦੀ ਸਾਜਿਸ਼: ਕੁੰਵਰ ਵਿਜੈ ਪ੍ਰਤਾਪ

ਤਤਕਾਲੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਵਿੱਚ ਉਸ ਖਿਲਾਫ਼ ਦੋਸ਼ ਤਿੰਨ ਸਾਲਾਂ ਬਾਅਦ ਜਾਣ ਬੁੱਝ ਕੇ ਲਾਏ ਗਏ ਹਨ ਅਤੇ ਇਹ ਵੱਡੇ ਮੁਲਜ਼ਮਾਂ ਨੂੰ ਬਚਾਉਣ ਦੀ ਇੱਕ ਸਾਜਿਸ਼ ਹੈ। ਤਤਕਾਲੀ ਆਈਜੀ ਨੇ ਕਿਹਾ ਕਿ ਗਵਾਹਾਂ ਦੇ ਪੁਲੀਸ ਕੋਲ ਦਿੱਤੇ ਬਿਆਨ ਦੀ ਕੋਈ ਅਹਿਮੀਅਤ ਨਹੀਂ ਅਤੇ ਗਵਾਹ ਅਦਾਲਤ ਵਿੱਚ ਇੱਛਾ ਅਨੁਸਾਰ ਬਿਆਨ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਗਵਾਹਾਂ ਦੇ ਬਿਆਨ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਹੀ ਲਿਖੇ ਹਨ।