ਬਹਿਬਲ ਕਾਂਡ: ਸਰਕਾਰੀ ਵਾਅਦਿਆਂ ਤੋਂ ਖਫ਼ਾ ਹੋਇਆ ਇਨਸਾਫ ਮੋਰਚਾ

ਬਹਿਬਲ ਕਾਂਡ: ਸਰਕਾਰੀ ਵਾਅਦਿਆਂ ਤੋਂ ਖਫ਼ਾ ਹੋਇਆ ਇਨਸਾਫ ਮੋਰਚਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਅਸਤੀਫਾ ਮੰਗਿਆ
ਕੋਟਕਪੂਰਾ- ਬਹਿਬਲ ਕਲਾਂ ਇਨਸਾਫ ਮੋਰਚੇ ਦੇ ਆਗੂਆਂ ਨੇ ਅੱਜ ਇਥੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਆਗੂਆਂ ਨੇ ਵਿਧਾਨ ਸਭਾ ਦੇ ਸਪੀਕਰ ਦੇ 14 ਅਕਤੂਬਰ ਵਾਲੇ ਉਸ ਬਿਆਨ ਦਾ ਹਵਾਲਾ ਦਿੱਤਾ ਹੈ, ਜਦੋਂ ਬਹਿਬਲ ਕਲਾਂ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਸਰਕਾਰ ਅਗਲੇ ਡੇਢ ਮਹੀਨੇ ਵਿੱਚ ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਪੀੜਤਾਂ ਨੂੰ ਇਨਸਾਫ ਦੇਵੇਗੀ ਤੇ ਬਹਿਬਲ ਕਲਾਂ ਵਿੱਚ ਸ਼ੁਕਰਾਨੇ ਦਾ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰ ਇਨ੍ਹਾਂ ਸੰਜੀਦਾ ਮਸਲਿਆਂ ’ਤੇ ਇਨਸਾਫ਼ ਨਹੀਂ ਦਿਵਾਉਂਦੀ ਤਾਂ ਉਨ੍ਹਾਂ ਇਸ ਸਰਕਾਰ ਤੋਂ ਕੀ ਲੈਣਾ ਹੈ। ਜਾਣਕਾਰੀ ਅਨੁਸਾਰ ਉਕਤ ਡੇਢ ਮਹੀਨੇ ਦੀ ਮਿਆਦ 30 ਨਵੰਬਰ ਨੂੰ ਖ਼ਤਮ ਹੋ ਗਈ ਹੈ। ਬਹਿਬਲ ਕਲਾਂ ਇਨਸਾਫ ਮੋਰਚੇ ਅੰਦਰ ਸੱਦੀ ਗਈ ਪ੍ਰੈੱਸ ਵਾਰਤਾ ਵਿੱਚ ਸ਼ਾਮਲ ਐਡਵੋਕੇਟ ਹਰਪਾਲ ਸਿੰਘ ਖਾਰਾ ਤੇ ਹੋਰਨਾਂ ਨੇ ਕਿਹਾ ਕਿ ਉਸ ਵੇਲੇ ਸਪੀਕਰ ਸੰਧਵਾਂ ਨਾਲ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਸਿੱਖ ਸੰਗਤ ਨੂੰ ਭਰੋਸਾ ਦਿੱਤਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਸਿੱਖ ਸੰਗਤ ਨਾਲ ਜੋ ਕੁਝ ਮਰਜ਼ੀ ਕੀਤਾ ਹੈ, ਪਰ ਉਨ੍ਹਾਂ ਦੀ ਸਰਕਾਰ ਸਿੱਖ ਪਰਿਵਾਰਾਂ ਨਾਲ ਜ਼ਰੂਰ ਇਨਸਾਫ ਕਰੇਗੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਹੁਣ ਉਕਤ ਸਿਆਸੀ ਆਗੂਆਂ ਨੂੰ ਆਪਣੇ ਬੋਲ ਪੁਗਾ ਕੇ ਅਸਤੀਫੇ ਦੇਣੇ ਚਾਹੀਦੇ ਹਨ ਕਿਉਂਕਿ ਪਿਛਲੇ ਡੇਢ ਮਹੀਨੇ ਵਿਚ ਭਗਵੰਤ ਮਾਨ ਸਰਕਾਰ ਨੇ ਇਨ੍ਹਾਂ ਮਸਲਿਆਂ ’ਤੇ ਸਿਰਫ਼ ਸਮਾਂ ਲੰਘਾਉਣ ਵਾਲੀ ਨੀਤੀ ਅਪਣਾਈ ਹੈ। ਬੁਲਾਰਿਆਂ ਨੇ ਦੱਸਿਆ ਕਿ ਇਨਸਾਫ ਮੋਰਚੇ ਵੱਲੋਂ 15 ਦਸੰਬਰ ਨੂੰ ਇਨਸਾਫ ਮੋਰਚੇ ਵਾਲੀ ਥਾਂ ’ਤੇ ਵੱਡਾ ਇਕੱਠ ਕਰਕੇ ਬੇਅਦਬੀ ਅਤੇ ਗੋਲੀ ਕਾਂਡ ਵਿੱਚ ਇਨਸਾਫ ਲਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੌਰਾਨ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀਆਂ ਵਿਸ਼ੇਸ਼ ਜਾਂਚ ਟੀਮਾਂ ਵੱਲੋਂ ਫ਼ਰੀਦਕੋਟ ’ਤੇ ਇਸ ਸਬੰਧੀ ਰਿਕਾਰਡ ਇਕੱਠੇ ਕਰਦਿਆਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਘਟਨਾ ਵਾਲੀਆਂ ਥਾਵਾਂ ’ਤੇ ਜਾਂਚ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਡੇਰਾ ਮੁਖੀ ਰਾਮ ਰਹੀਮ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਸਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕਰਕੇ ਮਾਮਲੇ ਦੀ ਸੁਣਵਾਈ ਤੈਅ ਕੀਤੀ ਹੈ।

ਮੈਂ ਕਿਤੇ ਵੀ ਅਸਤੀਫਾ ਦੇਣ ਦੀ ਗੱਲ ਨਹੀਂ ਆਖੀ: ਸੰਧਵਾਂ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ, ‘ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਮੈਂ ਅਸਤੀਫਾ ਦੇਵਾਂਗਾ’। ਉਨ੍ਹਾਂ ਆਖਿਆ ਕਿ ਸਰਕਾਰ ਇਨ੍ਹਾਂ ਮਸਲਿਆਂ ’ਤੇ ਕੰਮ ਕਰ ਰਹੀ ਹੈ, ਕੁਝ ਤਕਨੀਕੀ ਸਮੱਸਿਆਵਾਂ ਹੋਣ ਕਰਕੇ ਦੇਰੀ ਹੋ ਰਹੀ ਹੈ ਅਤੇ ਉਮੀਦ ਹੈ ਜਲਦੀ ਹੀ ਇਹ ਸਿਰੇ ਲੱਗੇਗਾ।