ਬਹਿਬਲ ਕਾਂਡ: ਪੰਥਕ ਧਿਰਾਂ ਨੇ ਇਨਸਾਫ਼ ਮੰਗਿਆ, ਸਰਕਾਰ ਨੇ ਸਮਾਂ

ਬਹਿਬਲ ਕਲਾਂ ’ਚ ਗੋਲੀ ਕਾਂਡ ਦਾ ਸੱਤਵਾਂ ਸ਼ਰਧਾਂਜਲੀ ਸਮਾਗਮ ਹੋਇਆ; ਸਿੱਖ ਆਗੂਆਂ ਤੇ ਹਕੂਮਤ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ

ਜੈਤੋ- ਚਰਚਿਤ ‘ਬਹਿਬਲ ਕਲਾਂ ਗੋਲ਼ੀ ਕਾਂਡ’ ਦੇ ਸੱਤ ਸਾਲ ਪੂਰੇ ਹੋਣ ’ਤੇ ਅੱਜ ਬਹਿਬਲ ਕਲਾਂ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪੰਥਕ ਧਿਰਾਂ ਨੇ ਮੰਚ ਤੋਂ ਨਿਆਂ ਦੀ ਮੰਗ ਕੀਤੀ ਤਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਡੇਢ ਮਹੀਨੇ ਦਾ ਹੋਰ ਸਮਾਂ ਮੰਗਣ ’ਤੇ ਸਿੱਖ ਆਗੂਆਂ ਵੱਲੋਂ ਇਸ ਨੂੰ ਸਹਿਮਤੀ ਦੇ ਦਿੱਤੀ ਗਈ। ਇਥੇ ਪੁੱਜੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਪ੍ਰਤੀ ਸੰਜੀਦਾ ਹੋ ਕੇ ਜਾਂਚ ਏਜੰਸੀਆਂ ਨੂੰ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਿਆਸਤ ਹੋਣ ਕਾਰਨ ਨਿਆਂ ਵਿੱਚ ਦੇਰੀ ਹੋਈ ਹੈ, ਹੁਣ ਵੱਧ ਤੋਂ ਵੱਧ ਡੇਢ ਮਹੀਨੇ ਦੇ ਅੰਦਰ ਇਨਸਾਫ਼ ਦਿੱਤਾ ਜਾਵੇਗਾ। ਉਨ੍ਹਾਂ ਇਥੋਂ ਤੱਕ ਆਖਿਆ ਕਿ ਜੇ ਨਿਆਂ ਨਹੀਂ ਹੁੰਦਾ ਤਾਂ ਫਿਰ ਸਰਕਾਰਾਂ ਤੋਂ ਕਰਾਉਣਾ ਕੀ ਹੈ? ਸਮਾਗਮ ’ਚ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਵੀ ਨਿਆਂ ਦੇਣ ਲਈ ਸਮਾਂ ਦੇਣ ਲਈ ਕਿਹਾ।