ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਬਚਾਅ ਰਹੀ ਹੈ ਸਰਕਾਰ: ਕੁੰਵਰ ਵਿਜੈ ਪ੍ਰਤਾਪ

ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਬਚਾਅ ਰਹੀ ਹੈ ਸਰਕਾਰ: ਕੁੰਵਰ ਵਿਜੈ ਪ੍ਰਤਾਪ

ਕੋਟਕਪੂਰਾ : ਦੱਖਣੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਅੱਜ ਪਿੰਡ ਬਹਿਬਲ ਕਲਾਂ ਇਨਸਾਫ਼ ਮੋਰਚੇ ਵਿਚ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੀਆਂ ਜੇਲ੍ਹਾਂ ਛੋਟੇ-ਮੋਟੇ ਜੁਰਮ ਕਰਨ ਵਾਲਿਆਂ ਨਾਲ ਭਰੀਆਂ ਪਈਆਂ ਹਨ ਪਰ ਬਹਿਬਲ ਕਲਾਂ ਦੇ ਦੋਸ਼ੀ ਬਾਹਰ ਹਨ ਤੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਇਕ ਵਾਰ ਫੇਰ ਆਖਿਆ ਕਿ ਉਹ ਆਪਣੀ ਗੱਲ ’ਤੇ ਅੱਜ ਵੀ ਖੜ੍ਹੇ ਹਨ ਕਿ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਣਾ। ਉਨ੍ਹਾਂ ਆਖਿਆ ਕਿ ਸਰਕਾਰ ਕਾਤਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਦਾਲਤ ਨੇ ਸਿਰਫ ਕੋਟਕਪੂਰਾ ਗੋਲੀਕਾਂਡ ਦੀ ਰਿਪੋਰਟ ਖਾਰਜ ਕੀਤੀ ਸੀ, ਜਦਕਿ ਬਹਿਬਲ ਕਲਾਂ ਮਾਮਲੇ ਵਿਚ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਅਦਾਲਤਾਂ ਇਸ ਸੰਜੀਦਾ ਕੇਸ ਨੂੰ ਜਲਦ ਕਿਉਂ ਨਹੀਂ ਨਿਬੇੜਦੀਆਂ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਪੰਜਾਬ ਸਰਕਾਰ ਦੀ ਭਰੋਸਾ ਕਮੇਟੀ ਤੋਂ ਆਪਣਾ ਅਸਤੀਫ਼ਾ ਦੇ ਕੇ ਰੋਸ ਜਤਾਇਆ ਸੀ। ਬਹਿਬਲ ਕਲਾਂ ਇਨਸਾਫ਼ ਮੋਰਚੇ ਵੱਲੋਂ ਅਗਲੀ ਰਣਨੀਤੀ ਤਹਿਤ ਪੰਜ ਫਰਵਰੀ ਨੂੰ ਇਨਸਾਫ ਮੋਰਚੇ ’ਚ ਵੱਡਾ ਇਕੱਠ ਕਰ ਕੇ ਕੌਮੀ ਮਾਰਗ ਨੰਬਰ 54 ’ਤੇ ਆਵਾਜਾਈ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।