ਬਹਾਮਾਸ ਦੇ  ਇਕ ਹੋਟਲ ਵਿਚ ਤਿੰਨ ਅਮਰੀਕੀਆਂ ਦੀ ਭੇਦਭਰੀ ਮੌਤ

ਬਹਾਮਾਸ ਦੇ ਇਕ ਹੋਟਲ ਵਿਚ ਤਿੰਨ ਅਮਰੀਕੀਆਂ ਦੀ ਭੇਦਭਰੀ ਮੌਤ

ਸੈਕਰਾਮੈਂਟੋ 8 ਮਈ (ਹੁਸਨ ਲੜੋਆ ਬੰਗਾ) – ਬਹਾਮਾਸ ਦੇ ਸੰਦਲਜ਼ ਰਿਜ਼ਾਰਟ ਵਿਚ ਤਿੰਨ ਅਮਰੀਕੀਆਂ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ ਜਦ ਕਿ ਇਕ ਹੋਰ ਨੂੰ ਹਸਪਤਾਲ ਵਿਚ  ਦਾਖਲ ਕਰਵਾਇਆ ਗਿਆ ਹੈ। ਰਾਇਲ ਬਹਾਮਾਸ ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।  ਗਰੇਟ ਐਗਜੂਮਾ ਉਪਰ ਸਥਿੱਤ ਸੰਦਲਜ਼ ਐਮਰਲਡ ਬੇਅ ਇਕ ਬਹੁਤ ਹੀ ਖੂਬਸੂਰਤ ਟਾਪੂ ਹੈ ਜਿਥੇ ਲੋਕ ਮੌਜ ਮਸਤੀ ਕਰਨ ਆਉਂਦੇ ਹਨ। ਸੰਦਲਜ਼ ਰਿਜ਼ਾਰਟ ਦੇ ਬੁਲਾਰੇ ਸੇਟਸੀ ਰਾਇਲ ਨੇ ਇਕ ਬਿਆਨ ਵਿਚ ਕਿਹਾ  ਹੈ ਕਿ ਬਹੁਤ ਹੀ ਅਫਸੋਸ ਨਾਲ ਅਸੀਂ ਇਹ ਪੁਸ਼ਟੀ ਕਰ ਰਹੇ ਹਾਂ ਕਿ ਸੰਦਲਜ਼ ਐਮਰਲਡ ਬੇਅ ਵਿਖੇ ਸਾਡੇ ਤਿੰਨ ਮਹਿਮਾਨਾਂ ਦੀ ਮੌਤ ਹੋ ਚੁੱਕੀ ਹੈ। ਉਨਾਂ ਕਿਹਾ ਹੈ ਕਿ ਇਕ ਜੋੜੇ ਸਮੇਤ 4 ਜਣਿਆਂ ਦੇ ਬਿਮਾਰ ਹੋਣ ਦੀ ਰਿਪੋਰਟ ਮਿਲਣ ਉਪਰੰਤ ਉਨਾਂ ਨੂੰ ਹੰਗਾਮੀ ਹਾਲਤ ਵਿਚ ਡਾਕਟਰੀ ਸਹਾਇਤਾ ਦਿੱਤੀ ਗਈ ਪਰੰਤੂ ਉਨਾਂ ਵਿਚੋਂ 3 ਬਚ ਨਹੀਂ ਸਕੇ।” ਪੁਲਿਸ ਅਨੁਸਾਰ ਰਿਜ਼ਾਰਟ ਦੇ ਸਟਾਫ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਕ ਵਿਅਕਤੀ ਆਪਣ ਕਮਰੇ ਵਿਚ ਬੇਹੋਸ਼ ਪਿਆ ਹੈ। ਹਾਲਾਂ ਪੁਲਿਸ ਰਸਤੇ ਵਿਚ ਹੀ ਸੀ ਕਿ ਉਸ ਨੂੰ ਦਸਿਆ ਗਿਆ ਕਿ ਇਕ ਹੋਰ ਜੋੜਾ ਬੇਹੋਸ਼ੀ ਦੀ ਹਾਲਤ ਵਿਚ ਹੈ। ਪੁਲਿਸ ਮੌਕੇ ਉਪਰ ਪੁੱਜੀ ਤਾਂ ਉਸ ਨੇ ਜੋੜੇ ਸਮੇਤ 4 ਜਣਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਪਰ ਉਨਾਂ ਵਿਚੋਂ ਕਿਸੇ ਦੇ ਵੀ ਸੱਟ ਦੇ ਨਿਸ਼ਾਨ ਨਹੀਂ ਸਨ । ਇਨਾਂ ਵਿਚੋਂ ਤਿੰਨ ਦੀ ਮੌਕੇ ਉਪਰ ਹੀ ਮੌਤ ਹੋ ਚੁੱਕੀ ਸੀ ਜਦ ਕਿ ਇਕ ਹੋਰ ਔਰਤ ਨੂੰ ਹੈਲੀਕਾਪਟਰ ਦੁਆਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ  ਮੌਤਾਂ ਪਿੱਛੇ ਕਿਸੇ ਸਾਜਿਸ਼ ਦੀ ਸੰਭਾਵਨਾ ਨਹੀਂ ਹੈ ਪਰੰਤੂ ਉਹ ਮੌਤਾਂ ਦੇ ਕਾਰਨ ਦਾ ਪਤਾ ਲਾਉਣ ਲਈ ਪੋਸਟ ਮਾਰਟਮ ਰਿਪੋਰਟ ਦੀ  ਉਡੀਕ ਕਰ ਰਹੀ ਹੈ।  ਮ੍ਰਿਤਕ ਅਮਰੀਕੀਆਂ ਦੇ ਨਾਵਾਂ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਪੁਲਿਸ ਨੇ ਜਨਤਿਕ ਤੌਰ ‘ਤੇ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ। ਇਥੇ ਜਿਕਰਯੋਗ ਹੈ ਕਿ ਸੰਦਲਜ਼ ਰਿਜਾਰਟਸ ਬੁਨਿਆਦੀ ਤੌਰ ‘ਤੇ ਜੈਮਾਇਕ ਵਿਚ ਸਥਿੱਤ ਹੈ ਤੇ ਉਸ ਦੇ ਜੈਮਾਇਕਾ ਤੋਂ ਇਲਾਵਾ ਬਹਾਮਾਸ ਤੇ ਕੈਰੀਬੀਨ ਵਿਚ ਅਨੇਕਾਂ ਹੋਟਲ  ਹਨ।