ਬਲਿਹਾਰੀ ਕੁਦਰਤਿ ਵਸਿਆ ਤਹਿਤ ਲੱਗਿਆ ਫਲਾਵਰ ਸ਼ੋਅ

ਬਲਿਹਾਰੀ ਕੁਦਰਤਿ ਵਸਿਆ ਤਹਿਤ ਲੱਗਿਆ ਫਲਾਵਰ ਸ਼ੋਅ

ਲੁਧਿਆਣਾ- ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਵਾਤਾਵਰਣ ਪ੍ਰਤੀ ਪਿਆਰ ਦੀ ਯਾਦ ਨੂੰ ਤਾਜ਼ਾ ਕਰਨ ਹਿੱਤ ਸਥਾਨਕ ਸਰਾਭਾ ਨਗਰ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਵਿੱਚ ‘ਬਲਿਹਾਰੀ ਕੁਦਰਤਿ ਵਸਿਆ’ ਤਹਿਤ ਫਲਾਵਰ ਸ਼ੋਅ ਅਤੇ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਉੱਘੇ ਲੇਖਕ ਡਾ. ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਠੁਕਰਾਲ ਅਤੇ ਜਨਰਲ ਸਕੱਤਰ ਡਾ. ਗੁਰਪ੍ਰੀਤ ਸਿੰਘ ਬਜਾਜ ਨੇ ਆਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਸ਼ਹਿਰ ਦੇ ਲੋਕਾਂ ਵਿੱਚ ਕੁਦਰਤ ਪ੍ਰਤੀ ਮੋਹ ਜਗਾਉਣ ਦੇ ਮਕਸਦ ਨਾਲ ਲਾਏ ਉਕਤ ਫਲਾਵਰ ਸ਼ੋਅ ਵਿੱਚ ਡਾ. ਪਾਤਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਨਾ ਸਿਰਫ ਕੁਦਰਤ ਦੀ ਖੂਬਸੂਰਤੀ ਨੂੰ ਨੇੜਿਓਂ ਮਾਣਿਆਂ ਸਗੋਂ ਗੁਰਬਾਣੀ ਰਾਹੀਂ ਵੀ ਪਾਣੀ ਅਤੇ ਧਰਤੀ ਦੀ ਮਹੱਤਤਾ ’ਤੇ ਚਾਨਣ ਪਾਇਆ। ਉੱਘੇ ਵਾਤਾਵਰਣ ਪ੍ਰੇਮੀ ਰਣਜੋਧ ਸਿੰਘ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ 100 ਦੇ ਕਰੀਬ ਵੱਖ ਵੱਖ ਐਂਟਰੀਆਂ ਆਈਆਂ ਜਿਨ੍ਹਾਂ ’ਚ ਗਮਲਿਆਂ ਵਾਲੇ ਫੁੱਲ, ਮੌਸਮੀ ਅਤੇ ਛੋਟੇ ਕੱਦ ਵਾਲੇ ਬੂਟੇ ਆਦਿ ਸ਼ਾਮਿਲ ਸਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਕੁਦਰਤੀ ਦ੍ਰਿਸ਼ਾਂ ਨੂੰ ਫੋਟੋਗ੍ਰਾਫੀ ਰਾਹੀਂ ਹੋਰ ਉਭਾਰ ਕੇ ਸਮਾਜ ਸਾਹਮਣੇ ਲਿਆਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਲੋਕਾਂ ਦੀ ਕੁਦਰਤ ਨਾਲ ਨੇੜਤਾ ਵਧ ਸਕੇ। ਫਲਾਵਰ ਸ਼ੋਅ ਦੌਰਾਨ ਫੁੱਲਾਂ ਦੀ ਫੋਟੋਗ੍ਰਾਫੀ ਦੇ ਹੋਏ ਮੁਕਾਬਲੇ ਵਿੱਚ ਚਾਰ ਕੈਟਾਗਰੀਆਂ – 1 ਤੋਂ 13 ਸਾਲ, 13 ਤੋਂ 17 ਸਾਲ, 17 ਤੋਂ 21 ਸਾਲ ਅਤੇ 21 ਤੋਂ ਉਪਰ ਉਮਰ ਵਰਗ ਦੇ 50 ਤੋਂ ਵੱਧ ਫੋਟੋ ਪ੍ਰੇਮੀਆਂ, ਕਲਾਕਾਰਾਂ ਨੇ ਸ਼ਿਰਕਤ ਕੀਤੀ। ਫੋਟੋਗ੍ਰਾਫੀ ਮੁਕਾਬਲੇ ਲਈ ਡਾ. ਮਾਨ ਸਿੰਘ ਤੂਰ, ਤੇਜਪ੍ਰਤਾਪ ਸਿੰਘ ਸੰਧੂ ਅਤੇ ਨਰਿੰਦਰ ਸਿੰਘ ਆਦਿ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸੇ ਤਰ੍ਹਾਂ ਫਲਾਵਰ ਸ਼ੋਅ ਮੌਕੇ ਜੱਜਮੈਂਟ ਦੀ ਜਿੰਮੇਵਾਰੀ ਮਨਧੀਰ ਸਿੰਘ ਔਲਖ, ਡਾ. ਜੇਐਸ ਬਿਲਗਾ, ਡਾ. ਜੇਐਸ ਅਰੋੜਾ, ਡਾ. ਪਰਮਿੰਦਰ ਸਿੰਘ, ਡਾ. ਰਾਜੇਸ਼ ਕੁਮਾਰ ਦੂਬੇ ਅਤੇ ਡਾ. ਰਣਜੀਤ ਸਿੰਘ ਨੇ ਨਿਭਾਈ। ਸਮਾਗਮ ਦੇ ਕਨਵੀਨਰ ਚਰਨਦੀਪ ਸਿੰਘ ਨੇ ਸਟੇਜ ਸੰਚਾਲਨ ਕੀਤਾ।